10/11/2023
ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ, ਖਡੂਰ ਸਾਹਿਬ ਵਿਖੇ ਸੱਤਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ
ਖਡੂਰ ਸਾਹਿਬ – (ਮਿਤੀ 08 ਨਵੰਬਰ, 2023) ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਵਿਖੇ ਸੱਤਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਮਾਣਯੋਗ ਜਸਟਿਸ ਹਰਮਿੰਦਰ ਸਿੰਘ ਮਦਾਨ (ਸੇਵਾਮੁਕਤ ਜੱਜ - ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਅਤੇ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਸਤਵੰਤ ਕੌਰ ਸ਼ਾਮਿਲ ਹੋਏ। ਇਸ ਦੌਰਾਨ ਸ਼੍ਰੀਮਤੀ ਪ੍ਰਿਆ ਸੂਦ (ਜ਼ਿਲ੍ਹਾ ਅਤੇ ਸੈਸ਼ਨ ਜੱਜ, ਤਰਨ ਤਾਰਨ) ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ (ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ, ਖਡੂਰ ਸਾਹਿਬ) ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਸਕੂਲ ਦੀ ਪਰੰਪਰਾ ਅਨੁਸਾਰ ਇਸ ਸਮਾਗਮ ਦੀ ਅਰੰਭਤਾ ਵਿਦਿਆਰਥੀਆਂ ਦੁਆਰਾ ਗੁਰਬਾਣੀ ਦਾ ਸ਼ਬਦ ਗਾਇਨ ਕਰ ਕੇ ਕੀਤੀ ਗਈ। ਇਸ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋ ਵੱਖ-ਵੱਖ ਵਿਸ਼ਿਆਂ ਉੱਪਰ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਵੇਂ ਕਿ ਨੁੱਕੜ ਨਾਟਕ, ਗੀਤ-ਮਾਂ ਬੋਲੀ, ਵਾਤਾਵਰਣ ਦੀ ਸੰਭਾਲ ਉੱਤੇ ਪੇਸ਼ਕਾਰੀ, ਇਤਿਹਾਸਕ ਨਾਟਕ-ਜੱਸਾ ਸਿੰਘ ਰਾਮਗੜ੍ਹੀਆ, ਕੋਰੀਓਗ੍ਰਾਫੀ, ਭੰਗੜਾ ਆਦਿ। ਇਹਨਾਂ ਪੇਸ਼ਕਾਰੀਆਂ ਨੂੰ ਮਹਿਮਾਨਾਂ ਨੇ ਬਹੁਤ ਸਲਾਹਿਆ। ਸਕੂਲ ਪ੍ਰਿੰਸੀਪਲ ਸ੍ਰ: ਅਮਰਜੀਤ ਸਿੰਘ ਦੁਆਰਾ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ ਜਿਸ ਵਿਚ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ। ਵਿਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਅਤੇ 100 ਫੀਸਦੀ ਹਾਜਰੀ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਮੁੱਖ ਮਹਿਮਾਨ ਜਸਟਿਸ ਹਰਮਿੰਦਰ ਸਿੰਘ ਮਦਾਨ ਜੀ ਨੇ ਬਾਬਾ ਸੇਵਾ ਸਿੰਘ ਜੀ ਦੁਆਰਾ ਵਿੱਦਿਆ ਅਤੇ ਵਾਤਾਵਰਣ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਅਤੇ ਪੰਜਾਬੀ ਭਾਸ਼ਾ ਨੂੰ ਵਿਸ਼ੇਸ਼ ਸਥਾਨ ਦੇਣ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਜੀ ਨੇ ਆਪਣੇ ਭਾਸ਼ਣ ਵਿਚ ਜਿਥੇ ਸਕੂਲ ਦੀ ਸ਼ਲਾਘਾ ਕੀਤੀ, ਉਥੇ ਉਨ੍ਹਾਂ ਨਾਲ ਹੀ ਬੱਚਿਆਂ ਨੂੰ ਉੱਚ ਵਿੱਦਿਆ ਹਾਸਲ ਕਰਨ ਅਤੇ ਆਪਣੇ ਹੀ ਦੇਸ਼ ਵਿੱਚ ਰਹਿ ਕੇ ਆਪਣੇ ਤੇ ਆਪਣੀ ਕੌਮ ਦੇ ਭਵਿੱਖ ਨੂੰ ਸੰਵਾਰਨ ਅਤੇ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਬਾਬਾ ਸੇਵਾ ਸਿੰਘ ਜੀ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਮੁੱਖ ਮਹਿਮਾਨ ਜਸਟਿਸ ਹਰਮਿੰਦਰ ਸਿੰਘ ਮਦਾਨ ਜੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿਚ ਮੁੱਖ-ਅਧਿਆਪਕਾ ਸ਼੍ਰੀਮਤੀ ਰੁਪਿੰਦਰ ਕੌਰ ਵੱਲੋਂ ਆਏ ਹੋਏ ਮਹਿਮਾਨਾਂ, ਇਲਾਕੇ ਦੇ ਪਤਵੰਤੇ ਸੱਜਣਾਂ, ਮਾਪਿਆਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ’ਤੇ ਬਾਬਾ ਬਲਦੇਵ ਸਿੰਘ ਜੀ, ਸ੍ਰ. ਅਵਤਾਰ ਸਿੰਘ ਬਾਜਵਾ, ਭਾਈ ਵਰਿਆਮ ਸਿੰਘ ਜੀ, ਸ. ਹਰਨੰਦਨ ਸਿੰਘ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦੇ ਅਧੀਨ ਚੱਲ ਰਹੇ ਵੱਖ-ਵੱਖ ਸੰਸਥਾਵਾਂ ਦੇ ਡਾਇਰੈਕਟਰ, ਪ੍ਰਿੰਸੀਪਲ, ਪ੍ਰਬੰਧਕੀ ਕਮੇਟੀ ਮੈਂਬਰ, ਇਲਾਕੇ ਦੇ ਪਤਵੰਤੇ ਸੱਜਣ, ਮਾਪੇ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।