22/02/2023
21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਤੌਰ ਤੇ ਵਿਸ਼ੇਸ਼ ਰੂਪ ਵਿੱਚ ਮਨਾਇਆ ਜਾਂਦਾ ਹੈ। ਪੰਜਾਬੀ ਪੰਜਾਬੀਆਂ ਦੀ ਮਾਂ ਬੋਲੀ ਹੈ। ਇਸ ਦਾ ਜੱਦੀ ਘਰ ਪੰਜਾਬ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਦੀਆਂ ਸੂਖਮ ਜੜਾਂ ਪੂਰੇ ਵਿਸ਼ਵ ਵਿਚ ਫੈਲੀਆਂ ਹੋਈਆਂ ਹਨ ਇਹ ਦਿਨ ਪੰਜਾਬ ਵਾਸੀਆਂ ਦੀ ਹੋਂਦ ਨਾਲ ਜੁੜਿਆ ਹੋਣ ਕਰਕੇ ਸਾਨੂੰ ਮਾਂ-ਬੋਲੀ ਪੰਜਾਬੀ ਪ੍ਰਤੀ ਅਥਾਹ ਪਿਆਰ ਨਾਲ ਜੋੜਦਾ ਹੈ। ਇਹ ਅਥਾਹ ਪਿਆਰ ਤਾਂ ਹੀ ਕਾਇਮ ਰਹਿ ਸਕਦਾ ਹੈ ਜੇਕਰ ਅਸੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਪੂਰਨ ਰੂਪ ਵਿਚ ਜੁੜੇ ਰਹਾਂਗੇ। ਮਾਂ ਬੋਲੀ ਸਾਡੇ ਜਜ਼ਬਾਤਾਂ, ਫੁਰਨਿਆਂ, ਕਲਾਵਾਂ ਅਤੇ ਭਾਈਚਾਰਕ ਸਾਂਝ ਦੀ ਬੋਲੀ ਹੈ।ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਹੋਂਦ, ਵਿਰਸੇ ਅਤੇ ਮਹੱਤਤਾ ਤੋਂ ਖੁਦ ਵੀ ਜਾਣੂ ਹੋਵੇ ਤੇ ਆਪਣੇ ਪਰਿਵਾਰ ਨੂੰ ਵੀ ਇਸ ਨਾਲ ਜੋੜ ਕੇ ਰੱਖੇ ਕਿਉਂਕਿ ਪੰਜਾਬ ਦੀ ਹੋਂਦ, ਪੰਜਾਬ ਵਾਸੀਆਂ ਕਰਕੇ ਹੈਂ। ਅੱਜ ਪੰਜਾਬੀ ਭਾਸ਼ਾ ਕੇਵਲ ਇੱਕ ਨਾਮ ਦੀ ਭਾਸ਼ਾ ਹੀ ਬਣ ਕੇ ਰਹਿ ਗਈ ਹੈ। ਇਸ ਨੂੰ ਉੱਚਾ ਚੁੱਕਣ ਲਈ ਬਹੁਤ ਜਿਆਦਾ ਉਪਰਾਲਿਆਂ ਦੀ ਲੋੜ ਹੈ। ਅੱਜ ਮਾਂ ਬੋਲੀ ਨੂੰ ਮਾਂ ਵਰਗਾ ਪਿਆਰ, ਸਤਿਕਾਰ ਅਤੇ ਰੁਤਬਾ ਦੇਣ ਦੀ ਲੋੜ ਹੈ। ਕਿਸੇ ਸ਼ਾਇਰ ਨੇ ਪੰਜਾਬੀ ਭਾਸ਼ਾ ਦੇ ਰੁਤਬੇ ਨੂੰ ਬੜੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ।
ਸਵਾਦ ਖੰਡ, ਸ਼ਹਿਦ ਦਾ ਖ਼ੁਸ਼ਬੂ ਹੈਂ ਗੁਲਾਬ ਦੀ,
ਤਿੰਨ ਮਰੇ ਜੀਹਦੇ ਤੇ ਉਹ ਬੋਲੀ ਹੈ ਪੰਜਾਬ ਦੀ। ਸੋ ਆਓ!ਆਪਾਂ ਸਾਰੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰੀਏ, ਇਸ ਦੀ ਕਦਰ ਕਰੀਏ, ਇਸ ਦਾ ਬਣਦਾ ਹੱਕ ਇਸ ਨੂੰ ਦਵਾਈਏ ਤੇ ਮਿਲ ਕੇ ਪ੍ਰਣ ਕਰੀਏ🤝
ਮਾਂ ਬੋਲੀ ਜਿੰਦ-ਜਾਨ ਸਾਡੀ,
ਮੋਤੀਆਂ ਦੀ ਖਾਨ ਸਾਡੀ,
ਹੱਥੋਂ ਨਹੀਂ ਗਵਾਉਣੀ,
ਬੋਲੀ ਹੈ ਪੰਜਾਬੀ ਸਾਡੀ।
🙏🙏🙏🙏🙏