30/05/2026
30.05.2026
ਸਕੂਲ ਆਫ਼ ਐਮੀਨੈਂਸ, ਫਿਲੌਰ
ਸਕੂਲ ਆਫ਼ ਐਮੀਨੈਂਸ ਫਿਲੌਰ ਵਿਖੇ ਸਮਾਰਟ ਪੈਨਲਾਂ ਅਤੇ ਕੰਪਿਊਟਰ ਲੈਬ ਦਾ ਉਦਘਾਟਨ, ਮੈਗਾ ਪੀ.ਟੀ.ਐਮ. ਅਤੇ ਸਨਮਾਨ ਸਮਾਗਮ ਆਯੋਜਿਤ
ਫਿਲੌਰ, 30 ਮਈ 2026 – ਸਕੂਲ ਆਫ਼ ਐਮੀਨੈਂਸ, ਫਿਲੌਰ ਵਿਖੇ ਅੱਜ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ ਸਥਾਪਿਤ ਕੀਤੇ ਗਏ ਨਵੇਂ ਸਮਾਰਟ ਪੈਨਲਾਂ ਅਤੇ ਅੱਪਗ੍ਰੇਡ ਕੀਤੀ ਕੰਪਿਊਟਰ ਲੈਬ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੂਲ ਵਿੱਚ ਮੈਗਾ ਮਾਤਾ-ਪਿਤਾ ਅਧਿਆਪਕ ਮਿਲਣੀ (ਮੈਗਾ ਪੀ.ਟੀ.ਐਮ.) ਅਤੇ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਹਲਕਾ ਫਿਲੌਰ ਇੰਚਾਰਜ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਸਨ। ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਤਰਲੋਕ ਸਿੰਘ ਨੇ ਕੀਤੀ, ਜਦਕਿ ਸਕੂਲ ਇੰਚਾਰਜ ਸ਼੍ਰੀਮਤੀ ਤਰੁਣਾ ਦੁੱਗਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਮੁੱਖ ਮਹਿਮਾਨ ਵੱਲੋਂ ਫੀਤਾ ਕੱਟ ਕੇ ਸਮਾਰਟ ਪੈਨਲਾਂ ਅਤੇ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਉਪਰੰਤ ਉਨ੍ਹਾਂ ਨੇ ਕੰਪਿਊਟਰ ਲੈਬ ਅਤੇ ਕਲਾਸਰੂਮਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਦਾ ਜਾਇਜ਼ਾ ਲਿਆ।
ਪ੍ਰਿੰਸੀਪਲ ਸ਼੍ਰੀ ਤਰਲੋਕ ਸਿੰਘ ਨੇ ਦੱਸਿਆ ਕਿ ਆਧੁਨਿਕ ਤਕਨਾਲੋਜੀ ਦੇ ਸਮਾਵੇਸ਼ ਨਾਲ ਵਿਦਿਆਰਥੀਆਂ ਦੀ ਸਿੱਖਿਆ ਹੋਰ ਦਿਲਚਸਪ, ਪ੍ਰਭਾਵਸ਼ਾਲੀ ਅਤੇ ਗੁਣਵੱਤਾਪੂਰਨ ਬਣੇਗੀ, ਜਿਸ ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਹੋਰ ਬਲ ਮਿਲੇਗਾ।
ਇਸ ਤੋਂ ਬਾਅਦ ਆਯੋਜਿਤ ਮੈਗਾ ਪੀ.ਟੀ.ਐਮ. ਵਿੱਚ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਸ਼ਮੂਲੀਅਤ ਕੀਤੀ। ਅਧਿਆਪਕਾਂ ਵੱਲੋਂ ਮਾਪਿਆਂ ਨੂੰ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ, ਹਾਜ਼ਰੀ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੱਚਿਆਂ ਦੇ ਉਜਵਲ ਭਵਿੱਖ ਲਈ ਘਰ ਅਤੇ ਸਕੂਲ ਦੇ ਸਾਂਝੇ ਯਤਨਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ।
ਸਮਾਗਮ ਦੌਰਾਨ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲ ਦੀ ਤਰੱਕੀ ਅਤੇ ਬਿਹਤਰੀ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਭੇਟ ਕਰਕੇ ਸਨਮਾਨਿਆ ਗਿਆ।
ਇਸ ਮੌਕੇ ਸ਼੍ਰੀ ਵੈਭਵ ਸ਼ਰਮਾ (ਐਮ.ਸੀ. ਅਤੇ ਚੇਅਰਮੈਨ ਐੱਸ.ਐੱਮ.ਸੀ. ਕਮੇਟੀ), ਸ਼੍ਰੀ ਪਰਮਜੀਤ ਭਾਰਤੀ (ਐਮ.ਸੀ. ਫਿਲੌਰ), ਸ਼੍ਰੀ ਹਰਜਿੰਦਰ ਸਿੰਘ ਹੀਰਾ (ਐਮ.ਸੀ. ਫਿਲੌਰ), ਡਾ. ਰਾਕੇਸ਼, ਸ਼੍ਰੀ ਰਾਜ ਕੁਮਾਰ, ਸ਼੍ਰੀ ਸੰਨੀ (ਐਮ.ਸੀ. ਗੋਰਾਇਆ), ਸ਼੍ਰੀ ਹਰਮੇਸ਼ ਲਾਲ ਮੇਹਚੀ (ਪ੍ਰਧਾਨ, ਨਗਰ ਕੌਂਸਲ ਗੋਰਾਇਆ), ਸ਼੍ਰੀ ਸ਼ੰਕਰ ਸੰਧੂ (ਐਮ.ਸੀ. ਫਿਲੌਰ), ਸ਼੍ਰੀ ਵਿੱਕੀ (ਐਮ.ਸੀ. ਫਿਲੌਰ) ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਮੁੱਖ ਮਹਿਮਾਨ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਨੇ ਸਕੂਲ ਪ੍ਰਬੰਧਨ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਆਫ਼ ਐਮੀਨੈਂਸ, ਫਿਲੌਰ ਸਰਕਾਰੀ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਮਿਸਾਲ ਬਣਿਆ ਹੋਇਆ ਹੈ।
ਅੰਤ ਵਿੱਚ ਪ੍ਰਿੰਸੀਪਲ ਸ਼੍ਰੀ ਤਰਲੋਕ ਸਿੰਘ ਨੇ ਸਮੂਹ ਮਹਿਮਾਨਾਂ, ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।
ਜਾਰੀਕਰਤਾ:
ਸ਼੍ਰੀ ਤਰਲੋਕ ਸਿੰਘ
ਪ੍ਰਿੰਸੀਪਲ
ਸਕੂਲ ਆਫ਼ ਐਮੀਨੈਂਸ, ਫਿਲੌਰ