23/09/2026
ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਜੀ ਦੀ ਅਗਵਾਈ ਹੇਠ ਗੁਰੂਕੁਲ ਗਲੋਬਲ ਕਰਿਐਂਜ਼ਾ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਵਿਖੇ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਬੜੇ ਉਤਸ਼ਾਹ ਅਤੇ ਮਾਣ ਨਾਲ ਮਨਾਇਆ ਗਿਆ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰੀ ਰਾਕੇਸ਼ ਸਿੰਗਲਾ, ਵਾਈਸ ਚੇਅਰਮੈਨ ਸ੍ਰੀ ਸ਼ਾਮ ਸੁੰਦਰ ਅਤੇ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਨਾਗਪਾਲ ਨੇ ਦੱਸਿਆ ਕਿ ਇਸ ਦਿਨ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਦਾ ਸੰਕਲਪ ਲਿਆ ਗਿਆ। ਵਿਦਿਆਰਥੀਆਂ ਨੇ ਗੁਰਮੁਖੀ ਲਿਪੀ ਵਿੱਚ ਸੁੰਦਰ ਲਿਖਾਈ ਰਾਹੀਂ ਇੱਕ-ਇੱਕ ਪੰਨਾ ਲਿਖ ਕੇ ਪੰਜਾਬੀ ਭਾਸ਼ਾ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ।
ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀ ਯਾਦਵਿੰਦਰ ਸਿੰਘ, ਸੀਨੀਅਰ ਕੋਆਰਡੀਨੇਟਰ ਸ੍ਰੀ ਕਮਲਜੀਤ ਸਿੰਘ, ਕੋਆਰਡੀਨੇਟਰ ਸ੍ਰੀ ਦਵਿੰਦਰ ਪਾਲ ਸਿੰਘ ਅਤੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਕ ਅਤੇ ਗਿਆਨਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ‘23 ਸਤੰਬਰ—ਮੇਰਾ ਦਸਤਖ਼ਤ, ਮੇਰੀ ਪੰਜਾਬੀ’, ‘ਇੱਕ ਲਿਖਤ ਪੰਜਾਬੀ ਦੇ ਨਾਮ’, ‘ਆਪਣੇ ਹੱਥੀਂ ਪੰਜਾਬੀ ਪੈਂਤੀ’, ‘ਮੇਰਾ ਮੋਬਾਈਲ, ਮੇਰੀ ਪੰਜਾਬੀ’, ‘ਪੰਜਾਬੀ ਅਤੇ AI ਮੁਹਿੰਮ’, ‘ਇੱਕ ਕਿਤਾਬ ਪੰਜਾਬੀ ਦੀ’, ‘ਵਿਰਾਸਤ ਦੀ ਆਵਾਜ਼’ ਅਤੇ ‘ਇੱਕ ਮਿੰਟ ਪੰਜਾਬੀ’ ਆਦਿ ਗਤੀਵਿਧੀਆਂ ਸ਼ਾਮਲ ਸਨ।ਪੰਜਾਬੀ ਭਾਸ਼ਾ ਸਾਡੀ ਪਹਿਚਾਣ, ਸਾਡਾ ਵਿਰਸਾ ਅਤੇ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਹੈ, ਜਿਸਦੀ ਸੰਭਾਲ ਅਤੇ ਪ੍ਰਸਾਰ ਸਾਡੀ ਸਾਂਝੀ ਜ਼ਿੰਮੇਵਾਰੀ ਹੈ।