26/08/2025
ਮਿਤੀ 24 ਅਗਸਤ 2025 ਨੂੰ ਅਰਬਨ ਅਸਟੇਟ ਪਟਿਆਲਾ ਵਿਖੇ ਡਾ. ਰਵੀ ਖੋਜ ਸਕੂਲ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਫਰੀਨਾ ਮੀਰ ਦੀ ਕਿਤਾਬ 'ਦ ਸੋਸ਼ਲ ਸਪੇਸ ਆਫ਼ ਲੈਂਗੁਏਜ ਵਰਨੈਕੁਲਰ ਕਲਚਰ ਇਨ ਬ੍ਰਿਟਿਸ਼ ਕੋਲੋਨੀਅਲ ਪੰਜਾਬ' (The Social Space of Language Vernacular Culture in British Colonial Punjab) ਉੱਤੇ ਵਿਚਾਰ ਚਰਚਾ ਕੀਤੀ ਗਈ।
ਕਿਤਾਬ ਬਾਰੇ ਗੱਲ ਕਰਦਿਆਂ ਦਲਜੀਤ ਕੌਰ ਨੇ ਕਿਹਾ ਕਿ ਫਰੀਨਾ ਮੀਰ ਬਸਤੀਵਾਦੀ ਦੌਰ ਦੇ ਸਥਾਨਕ ਪੰਜਾਬੀ ਸਾਹਿਤ ਖਾਸ ਕਰ ਕਿੱਸਿਆਂ ਦੇ ਅਧਿਐਨ ਰਾਹੀਂ ਬਸਤੀਵਾਦੀ ਪੰਜਾਬ ਦੇ ਸਾਹਿਤਕ, ਸਭਿਆਚਾਰਕ ਇਤਿਹਾਸ ਨੂੰ ਪੇਸ਼ ਕਰਦੀ ਹੈ। ਇਸ ਕਿਤਾਬ ਦਾ ਸਿਰਲੇਖ 'ਦ ਸੋਸ਼ਲ ਸਪੇਸ ਆਫ਼ ਲੈਂਗੁਏਜ' ਪੰਜਾਬੀ ਭਾਸ਼ਾ ਦੀ ਅਜਿਹੀ 'ਇਨਕਲੁਸਿਵ' ਸਪੇਸ ਨੂੰ ਦਰਸਾਉਂਦਾ ਹੈ ਜਿਹੜੀ ਜਾਤ, ਧਰਮ, ਲਿੰਗ ਤੇ ਵਰਗ ਦੀ ਵਿਭਿੰਨਤਾ ਨੂੰ ਸਵੀਕਾਰਦੀ ਹੈ। ਇਹ ਅਜਿਹੀ 'ਸਿਨਕਰੈਟਿਕ ' ਥਾਂ ਹੈ ਜਿਹੜੀ ਧਾਰਮਿਕ ਹੱਦਬੰਦੀਆਂ ਤੋਂ ਪਾਰ ਜਾਂਦਿਆਂ ਸਾਂਝੀ ਸਭਿਆਚਾਰਕ ਪਛਾਣ ਨੂੰ ਦਰਸਾਉਂਦੀ ਹੈ।
ਖੋਜਾਰਥੀ ਨਿਸ਼ਾ ਨੇ ਕਿਹਾ ਕਿ ਫਰੀਨਾ ਮੀਰ ਆਪਣੀ ਕਿਤਾਬ ਵਿੱਚ ਬਸਤੀਵਾਦੀ ਬ੍ਰਿਟਿਸ਼ ਰਾਜ ਦੌਰਾਨ ਪੰਜਾਬੀ ਸਾਹਿਤਕ ਪਰੰਪਰਾ ਨੂੰ ਕੇਂਦਰ ਵਿੱਚ ਰੱਖ ਕੇ ਪੰਜਾਬੀ ਭਾਸ਼ਾ ਦੀ ਹੋਂਦ ਸਥਿਰਤਾ ਬਾਰੇ ਚਾਨਣਾ ਪਾਉਂਦੀ ਹੈ ਅਤੇ ਭਾਰਤ ਵਿਚ ਖਾਸਕਰ ਪੰਜਾਬ ਵਿੱਚ ਬਸਤੀਵਾਦੀਆਂ ਦੁਆਰਾ ਭਾਸ਼ਾ ਨੀਤੀ ਦੀ ਘਾੜਤ ਬਾਰੇ ਇਤਿਹਾਸਕ ਤੱਥਾਂ ਸਮੇਤ ਵਿਸਤਾਰ ਨਾਲ ਵਰਨਣ ਕਰਦੀ ਹੈ। ਲੇਖਿਕਾ ਨੇ ਇਹ ਧਾਰਨਾ ਦਿੱਤੀ ਕਿ ਪੰਜਾਬੀ ਸਾਹਿਤਕ ਸਭਿਆਚਾਰ ਇੱਕ ਅਜਿਹੀ ਮਿਸਾਲ ਹੈ ਜੋ ਤਬਦੀਲੀਆਂ ਦੇ ਦੌਰ ਵਿੱਚ ਵੀ ਸਥਿਰਤਾ ਦਿਖਾਉਂਦਾ ਹੈ ਅਤੇ ਪੰਜਾਬੀ ਭਾਸ਼ਾ ਨੇ ਲੋਕ ਭਾਸ਼ਾ ਅਤੇ ਸਾਹਿਤਕ ਭਾਸ਼ਾ ਵਜੋਂ ਆਪਣੀ ਥਾਂ ਬਰਕਰਾਰ ਰੱਖੀ ਹੋਈ ਹੈ। ਪੰਜਾਬੀ ਲੋਕ ਕਥਾਵਾਂ, ਕਵਿਤਾਵਾਂ ਅਤੇ ਰੀਤਾਂ ਵਿੱਚ ਪੰਜਾਬੀ ਭਾਸ਼ਾ ਤੇ ਸੰਸਕ੍ਰਿਤੀ ਜੀਵਿਤ ਰਹੀ ਹੈ।
ਖੋਜਾਰਥੀ ਮਨਦੀਪ ਕੌਰ ਨੇ ਕਿਹਾ ਫਰੀਨਾ ਮੀਰ ਕਿਤਾਬ ਦੇ ਅਧਿਆਇ 'ਪਲੇਸ ਤੇ ਪਰਸਨਹੁੱਡ' ਵਿੱਚ ਜਾਤ, ਸਥਾਨ ਅਤੇ ਇਲਾਕਾਈ ਪਛਾਣ, ਲਿੰਗ ਤੇ ਔਰਤਾਂ ਦੀ ਏਜੰਸੀ ਬਾਰੇ ਗੱਲ ਕਰਦੀ ਹੈ। ਫਰੀਨਾ ਕਿੱਸਾ ਸਾਹਿਤ ਦੇ ਹਵਾਲੇ ਨਾਲ ਦਰਸਾਉਂਦੀ ਹੈ ਕਿ ਪੰਜਾਬੀ ਸਮਾਜ ਵਿੱਚ ਵਿਅਕਤੀ ਦੀ ਪਛਾਣ ਧਾਰਮਿਕ ਪਛਾਣ ਦੀ ਥਾਂ ਸਥਾਨਕਤਾ ਅਤੇ ਸਾਕਾਦਾਰੀ ਨਾਲ ਜੁੜੀ ਹੋਈ ਸੀ। ਹੈੱਡਮਿਸਟ੍ਰੈਸ ਨਵਲਦੀਪ ਸ਼ਰਮਾ ਨੇ ਫਰੀਨਾ ਮੀਰ ਦੇ ਹਵਾਲੇ ਨਾਲ ਕਿੱਸਾ ਸਾਹਿਤ ਤੇ ਸੂਫ਼ੀ ਸਾਹਿਤ ਦੇ ਨਿਖੇੜੇ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਕਿੱਸਾ ਸਾਹਿਤ ਵਿੱਚ ਇਸ਼ਕ ਮਜ਼ਾਜ਼ੀ ਤੇ ਇਸ਼ਕ ਦੇ ਰੂਹਾਨੀ ਰੂਪ ਨੂੰ ਜੋੜਿਆ ਗਿਆ ਹੈ ਜਦਕਿ ਸੂਫ਼ੀ ਸਾਹਿਤ ਵਿੱਚ ਇਸ਼ਕ ਦੇ ਸਿਰਫ਼ ਰੂਹਾਨੀ ਰੂਪ ਨੂੰ ਹੀ ਪੇਸ਼ ਕੀਤਾ ਗਿਆ ਹੈ।
ਇਸ ਵਿਚਾਰ ਚਰਚਾ ਨੂੰ ਪ੍ਰੋ. ਸੁਰਜੀਤ ਸਿੰਘ, ਪ੍ਰੋ. ਗੁਰਦੇਵ ਸਿੰਘ ਤੇ ਬਾਕੀ ਮੈਂਬਰਾਂ ਨੇ ਅੱਗੇ ਵਧਾਇਆ। ਇਸ ਮੀਟਿੰਗ ਵਿੱਚ ਪ੍ਰੋ. ਸੁਰਜੀਤ ਸਿੰਘ, ਡਾ. ਨੀਤੂ, ਡਾ. ਦੀਦਾਰ ਸਿੰਘ, ਡਾ. ਜਸਵੀਰ ਕੌਰ, ਹੈੱਡਮਿਸਟ੍ਰੈਸ ਨਵਲਦੀਪ ਸ਼ਰਮਾ, ਪ੍ਰੋ. ਗੁਰਦੇਵ ਸਿੰਘ, ਖੋਜਾਰਥੀ ਅਮਨਦੀਪ ਕੌਰ, ਪ੍ਰੋ. ਪ੍ਰਭਜੋਤ ਕੌਰ, ਖੋਜਾਰਥੀ ਨਿਸ਼ਾ, ਖੋਜਾਰਥੀ ਮਨਦੀਪ ਕੌਰ, ਖੋਜਾਰਥੀ ਜਗਤਾਰ ਸਿੰਘ, ਪ੍ਰੋ. ਸੋਨੀ, ਪ੍ਰੋ. ਵੀਰਪਾਲ ਕੌਰ ਤੇ ਪ੍ਰੋ. ਦਲਜੀਤ ਕੌਰ ਨੇ ਸ਼ਮੂਲੀਅਤ ਕੀਤੀ।