13/09/2021
ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ (South Asian Language And Culture Centre) ਵੱਲੋਂ ਇੰਡੀਆ ਵਿੱਚ ਲਾਗੂ ਕੀਤੀ ਜਾ ਰਹੀ ਨਵੀਂ ਸਿੱਖਿਆ ਨੀਤੀ ਬਾਰੇ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਇਹ ਵਿਚਾਰ-ਚਰਚਾ 17 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 36 ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿਖੇ ਹੋਵੇਗੀ।
ਅਜੋਕੇ ਸਮੇਂ ਵਿੱਚ ਸਰਕਾਰੀ ਪੱਧਰ ਉੱਤੇ ਐਲਾਨੀ ਅਤੇ ਲਾਗੂ ਕੀਤੀ ਜਾਂਦੀ ਸਿੱਖਿਆ ਨੀਤੀ ਉੱਥੋਂ ਦੇ ਸੱਭਿਆਚਾਰ, ਬੋਲੀਆਂ ਅਤੇ ਪਛਾਣਾਂ ਉੱਪਰ ਡੂੰਘਾ ਅਸਰ ਪਾਉਂਦੀ ਹੈ। ਵੀਹਵੀਂ ਸਦੀ ਵਿੱਚ ਸਿੱਖਿਆ ਦੇ ਰਿਵਾਇਤੀ ਤਰੀਕਾਕਾਰ (ਸਮੇਤ ਰਿਵਾਰਿਤੀ ਹੁਨਰ, ਯੋਗਤਾਵਾਂ ਅਤੇ ਪਿਤਾ-ਪੁਰਖੀ ਕਾਰੀਗਰੀ) ਦੇ ਮੁਕਾਬਲੇ ਸਕੂਲੀ ਸਿੱਖਿਆ ਇੰਨੀ ਜਿਆਦਾ ਅਹਿਮੀਅਤ ਹਾਸਲ ਕਰ ਗਈ ਕਿ ਹੁਣ ਸਕੂਲੀ ਸਿੱਖਿਆ ਹੀ ਬੱਚਿਆਂ ਦਾ ਸਿੱਖਿਆ ਦਾ ਲੱਗਭੱਗ ਵਾਹਿਦ ਤਰੀਕਾ-ਕਾਰ ਬਣ ਚੁੱਕੀ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਸਮੇਂ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਸਿੱਖਿਆ ਨੀਤੀ ਅਤੇ ਸਿੱਖਿਆ ਪ੍ਰਬੰਧ ਤੈਅ ਕਰਦਾ ਹੈ। ਯਾਦ ਰਹੇ ਕਿ ਹੁਣ ਦੇ ਸਮੇਂ ਵਿੱਚ ਸਿੱਖਿਆ ਨੀਤੀ ਤਿਆਰ ਕਰਨ ਅਤੇ ਸਿੱਖਿਆ ਪ੍ਰਬੰਧ ਚਲਾਉਣ ਦਾ ਅਧਿਕਾਰ ਸਿਰਫ ਸਰਕਾਰਾਂ ਕੋਲ ਹੈ। ਲੋਕਾਂ ਕੋਲ ਕੇਵਲ ਇਕੋ-ਇਕ ਰਾਹ ਉਸ ਨੂੰ ਮੰਨਣ ਅਤੇ ਉਸ ਪ੍ਰਬੰਧ ਦੇ ਅਧੀਨ ਸਿੱਖਿਆ ਲੈਣ ਦਾ ਬਚਦਾ ਹੈ। ਇਸ ਲਈ ਇਹ ਵੇਖਣਾ, ਵਿਚਾਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕੋਈ ਵੀ ਸਿੱਖਿਆ ਨੀਤੀ ਅਸਲ ਵਿਚ ਕੀ ਹੈ ਅਤੇ ਉਸ ਦੇ ਲੋਕਾਂ ਨਾਲ ਕੀ ਸਰੋਕਾਰ ਹਨ? ਇਸੇ ਨੁਕਤੇ ਤੋਂ ਭਾਰਤੀ ਸਿੱਖਿਆ ਨੀਤੀ ਦੀ ਪੜਚੋਲ ਕਰਨ ਲਈ ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ ਵੱਲੋਂ ਇੱਕ ਵਿਚਾਰ ਗੋਸ਼ਟਿ ਰੱਖੀ ਗਈ ਹੈ ਜਿਸ ਵਿੱਚ ਵਿਚਾਰਿਆ ਜਾਵੇਗਾ ਕਿ ਮੌਜੂਦਾ ਸ਼ਾਸਨ ਤਹਿਤ ਬਦਲ ਰਹੇ ਭਾਰਤੀ ਰਾਜਨੀਤਕ ਵਿਆਕਰਨ ਵਿੱਚੋਂ ਉਪਜੀ ਨਵੀਂ ਸਿੱਖਿਆ ਨੀਤੀ ਤਹਿਤ ਹੁਣ ਹਾਕਮ-ਮਹਿਕੂਮ ਲੋਕਾਂ ਦਰਮਿਆਨ ਕਿਹੋ ਜਿਹੇ ਸਰੋਕਾਰ ਉਪਜਣਗੇ? ਮਹਿਕੂਮ ਲੋਕਾਂ ਦੀ ਬੋਲੀ, ਸੱਭਿਆਚਾਰ ਅਤੇ ਉਨ੍ਹਾਂ ਦਾ ਭਵਿੱਖ ਇਸ ਨੀਤੀ ਰਾਹੀਂ ਕਿਸ ਰੂਪ ਵਿੱਚ ਉਸਰੇਗਾ ਜਾਂ ਉਸ ਦੇ ਭਵਿੱਖੀ ਰੂਪ ਕੀ ਹੋਣਗੇ? ਗੋਸ਼ਟਿ ਵਿੱਚ ਇਹਨਾਂ ਸਵਾਲਾਂ ਨੂੰ ਮੁਖਾਤਿਬ ਹੋਣ ਦਾ ਜਤਨ ਰਹੇਗਾ।
ਇਸ ਸਮਾਗਮ ਦਾ ਵਿਸ਼ਾ “ਭਾਰਤੀ ਸਿੱਖਿਆ ਨੀਤੀ ਦੀ ਪੜਚੋਲ” ਹੈ।
ਇਹ ਸਮਾਗਮ ਪੀਪਲਜ ਕਨਵੈਨਸ਼ਨ ਸੈਂਟਰ, ਸੈਕਟਰ-36ਬੀ, ਚੰਡੀਗੜ੍ਹ ਵਿਖੇ ਮਿਤੀ 17 ਸਤੰਬਰ, 2021 (ਦਿਨ ਸ਼ੁੱਕਰਵਾਰ) 10 ਵਜੇ ਸਵੇਰੇ ਕਰਵਾਇਆ ਜਾ ਰਿਹਾ ਹੈ।
ਇਸ ਗੋਸਟਿ ਦੇ ਬੁਲਾਰੇ ਡਾ. ਜੋਗਾ ਸਿੰਘ (ਸਾਬਕਾ ਪ੍ਰੋ. ਅਤੇ ਮੁਖੀ, ਭਾਸ਼ਾਵਿਗਿਆਨ ਅਤੇ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਸ. ਰਮਿੰਦਰਜੀਤ ਸਿੰਘ ਵਾਸੂ (ਸਿੱਖਿਆ ਮਾਹਿਰ) ਅਤੇ ਡਾ. ਸਿਕੰਦਰ ਸਿੰਘ (ਮੁਖੀ, ਪੰਜਾਬੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਹੋਣਗੇ।
ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ ਵੱਲੋ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਹਾਜਰ ਹੋ ਲਈ ਆਪ ਸਭ ਨੂੰ ਸੱਦਾ ਹੈ।
ਵੱਲੋ: ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ