10/10/2025
ਅੱਜ ਦਾ ਵਿਚਾਰ (10 ਅਕਤੂਬਰ) ਹਰ ਵਿਅਕਤੀ ਸਰੀਰਕ ਤੌਰ ਤੇ ਰੋਗੀ ਹੋਣ ਕਾਰਨ ਇਲਾਜ ਕਰਵਾਉਦਾ ਹੈ ਪਰ ਮਾਨਸਿਕ ਰੋਗੀ ਹੋਣ ਤੇ ਵਿਅਕਤੀ ਆਪਣੇ ਆਪ ਨੂੰ ਠੀਕ ਸਮਝਦਾ ਹੈ।
ਅੱਜ ਦੇ ਦਿਨ :10-10-1756 ਗਵਰਨਰ ਜਨਰਲ ਰਾਬਰਟ ਕਲਾਈਵ ਨੇ ਕਲਕੱਤੇ ਉਪਰ ਦੁਬਾਰਾ ਕਬਜਾ ਕੀਤਾ।
1955 ਮੁੱਖ ਮੰਤਰੀ ਭੀਮ ਸੈਨ ਸਚਰ ਨੇ 4 ਜੁਲਾਈ 1955 ਨੂੰ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਲਈ ਮੁਆਫੀ ਮੰਗੀ।
2011 ਪ੍ਰਸਿੱਧ ਗਜ਼ਲ ਜਗਜੀਤ ਸਿੰਘ ਦਾ ਦਿਹਾਂਤ।
2014 ਸਭ ਤੋਂ ਛੋਟੀ ਉਮਰ ਵਿੱਚ ਪਾਕਿਸਤਾਨ ਦੀ ਯੂਸਫਜਾਦੀ ਮਲਾਲਾ ਨੂੰ ਸ਼ਾਂਤੀ ਲਈ ਨੋਬਲ ਇਨਾਮ।
World Mental Health Day
ਵਿਸ਼ਵ ਮਾਨਸਿਕ ਸਿਹਤ (ਦਿਮਾਗੀ )ਦਿਵਸ: ਗਲੋਬਲ ਮਾਨਸਿਕ ਸਿਹਤ ਸਿੱਖਿਆ,ਜਾਗਰੂਕਤਾ ਅਤੇ ਵਕਾਲਤ ਲਈ ਇੱਕ ਦਿਹਾੜਾ ਹੈ।ਪਹਿਲੀ ਵਾਰ 150 ਤੋਂ ਵੱਧ ਦੇਸ਼ਾਂ ਵਿੱਚ ਸੰਪਰਕ ਅਤੇ ਮੈਂਬਰਾਂ ਵਾਲੇ ਗਲੋਬਲ ਮਾਨਸਿਕ ਸਿਹਤ ਸੰਗਠਨ,ਵਿਸ਼ਵ ਮਾਨਸਿਕ ਸਿਹਤ ਫੈਡਰੈਸ਼ਨ ਦੀ ਪਹਿਲਕਦਮੀ ਨਾਲ 1992 ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਹਰ ਵਾਰ ਅਕਤੂਬਰ ਦੇ ਇਸ ਦਿਨ, ਮਾਨਸਿਕ ਬਿਮਾਰੀ ਅਤੇ ਲੋਕਾਂ ਦੇ ਜੀਵਨ ਤੇ ਇਸ ਦੇ ਪ੍ਰਮੁੱਖ ਪ੍ਰਭਾਵਾਂ ਵੱਲ ਧਿਆਨ ਖਿੱਚਣ ਲਈ ਹਜ਼ਾਰਾਂ ਸਮਰਥਕ ਇਸ ਸਾਲਾਨਾ ਜਾਗਰੂਕਤਾ ਪ੍ਰੋਗਰਾਮ ਨੂੰ ਮਨਾਉਣ ਲਈ ਅੱਗੇ ਆਉਂਦੇ ਹਨ।
ਕੁਝ ਦੇਸ਼ਾਂ ਵਿੱਚ ਇਹ ਦਿਨ ਇੱਕ ਜਾਗਰੂਕਤਾ ਹਫਤੇ ਦਾ ਹਿੱਸਾ ਹੈ,ਜਿਵੇਂ ਅਮਰੀਕਾ ਵਿੱਚ ਮਾਨਸਿਕ ਬਿਮਾਰੀ ਜਾਗਰੂਕਤਾ ਹਫਤਾ ਅਤੇ ਆਸਟਰੇਲੀਆ ਵਿੱਚ ਮਾਨਸਿਕ ਸਿਹਤ ਹਫ਼ਤਾ ਮਨਾਇਆ ਜਾਂਦਾ ਹੈ।ਮਾਨਸਿਕ ਰੋਗ ਉਨਾਂ ਲੋਕਾਂ ਵਿੱਚ ਹੁੰਦੇ ਹਨ ਜੋ ਮਾਨਸਿਕ ਤੌਰ ਤੇ ਕਮਜੋਰ ਤੇ ਆਤਮ-ਵਿਸ਼ਵਾਸਹੀਣ ਹੁੰਦੇ।
ਭਾਰਤ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਬਹੁਤ ਘੱਟ ਭਾਵ ਦਸ ਲੱਖ ਲੋਕਾਂ ਪਿੱਛੇ ਤਿੰਨ ਹਨ।ਮਾਨਸਿਕ ਰੋਗਾਂ ਬਾਰੇ ਸਮਝ ਦੀ ਘਾਟ ਕਾਰਨ ਲੋਕ ਇਸਨੂੰ ਬਿਮਾਰੀ ਨਹੀ ਸਮਝਦੇ, ਰਿਸ਼ਤੇਦਾਰ, ਦੋਸਤ, ਮਿੱਤਰ ਜਾਂ ਗੁਆਂਢੀ ਦੇ ਕਹਿਣ ਤੇ ਅਜਿਹੇ ਲੋਕ ਧਾਗੇ ਤਵੀਤ ਕਰਨ ਵਾਲਿਆਂ, ਡੇਰਿਆਂ, ਬਾਬਿਆਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਹਨ।ਕਈ ਕਹਿਣਗੇ ਇਸਨੂੰ ਉਪਰੀ ਕਸਰ ਹੈ,ਉਪਰੀ ਹਵਾ ਹੈ,ਕਿਸੇ ਨੇ ਕੁਝ ਕੀਤਾ ਕਰਾਇਆ ਹੈ,ਤਵੀਤ ਪਾਏ ਹਨ,ਭੂਤ ਝਿੰਬੜਿਆ ਹੈ,ਇਸ ਉਪਰ ਸ਼ਨੀ ਜਾਂ ਮੰਗਲ ਗਰਿਹਾਂ ਦੀ ਕਰੋਪੀ ਹੈ।
ਵਿਸ਼ਵ ਵਿੱਚ 45 ਕਰੋੜ ਤੇ ਸਭ ਤੋਂ ਵੱਧ 36 ਫੀਸਦੀ ਮਾਨਸਿਕ ਤਣਾਅ ਤੋਂ ਪੀੜਤ ਰੋਗੀ ਜਾਂ ਮਾਨਸਿਕ ਰੋਗੀ(15 ਤੋੰ 29 ਸਾਲ ਦੇ )ਭਾਰਤ ਵਿੱਚ ਹਨ।90% ਆਪਣੇ ਆਪ ਨੂੰ ਰੋਗੀ ਨਹੀ ਸਮਝਦੇ।ਔਰਤਾਂ 60% ਤੇ ਮਰਦ 40% ਰੋਗੀ ਹੁੰਦੇ ਹਨ।
WHO ਮੁਤਾਬਿਕ ਹਰ ਦਸਵਾਂ ਭਾਰਤੀ ਮਾਨਸਿਕ ਰੋਗੀ ਹੈ। WHO ਦੇ ਡਾਇਰੈਕਟਰ ਜਨਰਲ ਡਾਕਟਰ ਮਾਰਗੇਟਚਾਨ ਦੇ ਨੇ ਕਿਹਾ ਹੈ ਕਿ ਇਹ ਅੰਕੜੇ ਵੇਖ ਕੇ ਸਾਰੇ ਦੇਸ਼ਾਂ ਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਹਨ।ਉਨਾਂ ਨੂੰ ਮਾਨਸਿਕ ਸਿਹਤ ਬਾਰੇ ਆਪਣੇ ਨਜ਼ਰੀਏ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। 2005 ਤੋਂ 2015 ਤਕ ਇਨਾਂ ਲੋਕਾਂ ਦੀ ਗਿਣਤੀ ਵਿਚ 18 ਫੀਸਦੀ ਵਾਧਾ ਹੋਇਆ ਹੈ।
WHO ਨੇ ਇਕ ਲੰਮੀ ਮੁਹਿੰਮ ਸ਼ੁਰੂ ਕੀਤੀ ਹੈ ਜਿਸਦਾ ਉਦੇਸ਼ ਤਣਾਅ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਨੂੰ ਉਤਸ਼ਾਹਤ ਕਰਨਾ।ਲੋਕਾਂ ਵਲੋਂ ਸਹਿਯੋਗ ਨਾ ਮਿਲਣ ਕਰਕੇ ਇਸ ਸਮਾਜਿਕ ਸੋਚ ਕਾਰਨ ਤਣਾਅ ਪੀੜਤ ਇਲਾਜ ਨਹੀਂ ਕਰਾਉਦੇ।ਜਦ ਕਿ ਸਿਹਤਮੰਦ ਜੀਵਨ ਲਈ ਇਹ ਜਰੂਰੀ ਹੈ।ਪੀ ਜੀ ਆਈ ਚੰਡੀਗੜ੍ਹ ਦੇ ਸਾਈਕੈਟਰੀ ਵਿਭਾਗ 'ਚ ਮਾਨਸਿਕ ਰੋਗੀਆਂ ਲਈ ਨਵੀਂ ਕਿਸਮ ਦਾ ਇਲਾਜ RTMS ( ਰੋਪੀਟੇਟਿਵ ਟਰਾਂਸ ਕਾਰਨੀਅਲ ਮੈਗਨੇਟਿਕ ਸਟੀਮੂਲੇਸ਼ਨ) ਸ਼ੁਰੂ ਕੀਤਾ ਗਿਆ।ਇਹ ਉਹ ਤਕਨੀਕ ਹੈ ਜਿਸ ਵਿੱਚ ਖੋਪੜੀ ਤੇ ਇੰਸੁਲੈਟਿਡ ਕਾਇਲ ਰੱਖ ਕੇ ਮੈਗਨੇਟਿਕ ਫੀਲਡ ਜਨਰੇਟ ਕੀਤੀ ਜਾਂਦੀ ਹੈ।ਇਹ ਹਲਕਾ ਜਿਹਾ ਬਿਜਲੀ ਝਟਕਾ ਕਰੰਟ ਪੈਦਾ ਕਰਦੀ ਹੈ ਜੋ ਨਿਊਰਲ (ਦਿਮਾਗ ਦੇ ਸੈਲਾਂ ਦਾ ਸਰਕਟ) ਸਿਸਟਮ ਨੂੰ ਸਰਗਰਮ ਕਰੇਗਾ।ਇਸ ਇਲਾਜ ਵਿੱਚ ਕਿਸੇ ਤਰਾਂ ਦੀ ਦਵਾਈ,ਇੰਡਕਸ਼ਨ ਦੀ ਲੋੜ ਨਹੀਂ।ਡਿਸਆਰਡਰ ਦੇ ਮਰੀਜ ਜੋ ਹੋਰਨਾਂ ਤਰੀਕਾ ਨਾਲ ਠੀਕ ਨਹੀਂ ਹੁੰਦੇ,ਉਨਾਂ ਲਈ ਇਹ ਕਾਰਗਰ ਹੈ।
ਅੰਕੜਿਆਂ ਅਨੁਸਾਰ 79% ਬੱਚੇ ਦੇਰ ਨਾਲ ਜਨਮ ਲੈਣ ਕਾਰਨ 12% ਜੀਨਜ ਦੀ ਗੜਬੜੀ ਕਰਕੇ ਤੇ 9% ਗਰਭ ਦੌਰਾਨ ਗਲਤ ਦਵਾਈਆਂ ਦੀ ਵਰਤੋਂ ਕਰਕੇ ਮਾਨਸਿਕ ਰੋਗੀ ਹੋ ਜਾਂਦੇ ਹਨ।
ਲੱਛਣ
ਨੀਂਦ ਘੱਟ ਆਉਣੀ,ਚਿੰਤਾ ਕਰਨੀ, ਵਾਧੂ ਗਲਾਂ ਸੋਚਣਾ, ਜਿਆਦਾ ਦਬਾਅ ਵਿੱਚ ਰਹਿਣਾ,ਜਿਆਦਾ ਬੋਲਣਾ, ਦੂਜਿਆਂ ਦੀ ਗਲ ਨਾ ਸੁਣਨਾ ਤੇ ਉਨਾਂ ਦੇ ਕੰਮਾਂ ਵਿੱਚ ਦਖਲ ਦੇਣਾ,ਆਪਣੇ ਆਪ ਨੂੰ ਸਿਆਣਾ ਸਮਝਣਾ, ਸੈਕਸ ਰੁਚੀ ਦੀ ਘਾਟ,ਝਗੜਾ ਕਰਨਾ, ਖਿਝਣਾ, ਹਿੰਸਾਤਮਕ ਰਵੱਈਆ, ਉਦਾਸੀ, ਆਤਮ ਵਿਸ਼ਵਾਸ ਦੀ ਘਾਟ, ਘਬਰਾਹਟ ਆਦਿ।
ਵਾਤਾਵਰਣ ਤਣਾਅ,ਘਰੇਲੂ ਕਲੇਸ਼, ਤਲਾਕ,ਕੰਮ ਦਾ ਬੋਝ, ਵਹਿਮ ਹੋਣਾ, ਆਰਥਿਕ ਹਾਲਤ ਕਮਜੋਰ ਹੋਣੇ, ਕਿਸੇ ਕਾਰਨ ਸਵੈਮਾਨ ਘਟ ਹੋਣਾ,ਅਚਾਨਕ ਹੋਈ ਮੌਤ ਦਾ ਸਦਮਾ, ਸੱਟ, ਹਾਦਸਾ, ਬਲਾਤਕਾਰ,ਹਿੰਸਾ,ਮਨੋਵਿਗਿਆਨ ਹਾਦਸਾ ਆਦਿ ਕਾਰਣ ਹਨ।ਮਾਨਸਿਕ ਰੋਗੀਆਂ ਦਾ ਇਲਾਜ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਹੀ ਕਰਵਾਉਣਾ ਚਾਹੀਦਾ ਹੈ।
ਕਈ ਵਾਰ ਮਾਪੇ ਬੱਚੇ ਨੂੰ ਹੋਰ ਕੁਝ ਬਣਾਉਣਾ ਚਾਹੁੰਦੇ ਹਨ ਜਦ ਕਿ ਬੱਚੇ ਦਾ ਹੋਰ ਕੁਝ ਬਣਨਾਂ ਚਾਹੁੰਦਾ ਹੈ, ਉਸ ਉਪਰ ਬਣਾਇਆ ਦਬਾਅ ਉਸਦੀ ਮਾਨਸਿਕ ਹਾਲਤ ਨੂੰ ਵਿਗਾੜਦਾ ਹੈ।ਇਸੇ ਤਰਾਂ ਜਿੰਦਗੀ ਦੀ ਤੇਜ ਦੌੜ ਵਿੱਚ ਛੋਟੇ ਛੋਟੇ ਬੱਚਿਆਂ ਉਪਰ ਪੜਾਈ ਦਾ ਵਾਧੂ ਬੋਝ ਪਾ ਰਹੇ ਹਾਂ।ਉਨਾਂ ਨੂੰ ਸਰੀਰਕ ਖੇਡਾਂ ਵੱਲ ਆਉਣ ਹੀ ਨਹੀਂ ਦਿੰਦੇ।ਚੰਗੀ ਸਿਹਤ ਦੇ ਨਾਲ ਨਾਲ ਵਿਅਕਤੀ ਨੂੰ ਦਿਮਾਗੀ ਤੌਰ ਤੇ ਤੰਦਰੁਸਤ ਹੋਣਾ ਜਰੂਰੀ ਹੈ।