03/06/2026
ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਅਧੀਨ ਸਥਾਪਿਤ ਆਰਮਡ ਫੋਰਸਿਜ਼ ਪ੍ਰੈਪਰੇਟਰੀ ਅਕੈਡਮੀ ਦੇ ਬਰੋਸ਼ਰ ਦਾ ਰਸਮੀ ਉਦਘਾਟਨ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਇਸ ਮੌਕੇ ਐਸ.ਜੀ.ਪੀ.ਸੀ. ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਵਿਰਕ ਅਤੇ ਸਿੱਖਿਆ ਸਕੱਤਰ ਸ. ਸੁਖਮਿੰਦਰ ਸਿੰਘ, ਡਿਪਟੀ ਡਾਇਰੈਕਟਰ ਡਾ. ਰਜਿੰਦਰ ਕੌਰ, ਸਹਾਇਕ ਡਾਇਰੈਕਟਰ ਡਾ. ਅਮਨਪ੍ਰੀਤ ਸਿੰਘ, ਪ੍ਰਿੰਸੀਪਲ ਡਾ. ਨਰਿੰਦਰ ਸਿੰਘ, ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ, ਕੋਆਰਡੀਨੇਟਰ ਕੈਪਟਨ ਸੰਦੀਪ ਕੁਮਾਰ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਬਰੋਸ਼ਰ ਜਾਰੀ ਕੀਤਾ
ਇਸ ਮੌਕੇ ਬੋਲਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਆਰਮਡ ਫੋਰਸਿਜ਼ ਪ੍ਰੈਪਰੇਟਰੀ ਅਕੈਡਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸਸ਼ਸਤ੍ਰ ਬਲਾਂ ਵਿੱਚ ਅਫ਼ਸਰ ਵਜੋਂ ਭਰਤੀ ਹੋਣ ਲਈ ਉੱਚ ਪੱਧਰੀ ਅਤੇ ਯੋਗ ਤਿਆਰੀ ਪ੍ਰਦਾਨ ਕਰਨਾ ਹੈ। ਅਕੈਡਮੀ ਵੱਲੋਂ ਨੈਸ਼ਨਲ ਡਿਫੈਂਸ ਅਕੈਡਮੀ (NDA) ਦੀ ਲਿਖਤੀ ਪ੍ਰੀਖਿਆ ਅਤੇ ਸਰਵਿਸਿਜ਼ ਸਿਲੈਕਸ਼ਨ ਬੋਰਡ (SSB) ਦੇ ਇੰਟਰਵਿਊ ਲਈ ਵਿਸ਼ੇਸ਼, ਵਿਵਸਥਿਤ ਅਤੇ ਨਤੀਜਾ-ਕੇਂਦਰਿਤ ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਅਕੈਡਮੀ ਨੌਜਵਾਨਾਂ ਵਿੱਚ ਦੇਸ਼-ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਸ਼ਸਤ੍ਰ ਬਲਾਂ ਵਿੱਚ ਸ਼ਾਨਦਾਰ ਕਰੀਅਰ ਬਣਾਉਣ ਲਈ ਲੋੜੀਂਦਾ ਮਾਰਗਦਰਸ਼ਨ ਅਤੇ ਸਿਖਲਾਈ ਪ੍ਰਦਾਨ ਕਰੇਗੀ। ਬਰੋਸ਼ਰ ਵਿੱਚ ਅਕੈਡਮੀ ਦੇ ਉਦੇਸ਼ਾਂ, ਦਾਖ਼ਲਾ ਪ੍ਰਕਿਰਿਆ, ਸਿਖਲਾਈ ਪ੍ਰੋਗਰਾਮਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ।
ਇਸ ਦੇ ਨਾਲ-ਨਾਲ ਵਿਦਿਆਰਥੀਆਂ ਦੇ ਵਿਅਕਤੀਤਵ ਵਿਕਾਸ, ਲੀਡਰਸ਼ਿਪ ਗੁਣਾਂ, ਸੰਚਾਰ ਕੌਸ਼ਲ, ਸਰੀਰਕ ਤੰਦਰੁਸਤੀ ਅਤੇ Officer Like Qualities (OLQs)ਦੇ ਵਿਕਾਸ ਉੱਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇਸ ਪਹਿਲ ਰਾਹੀਂ ਸਿੱਖਿਆ ਡਾਇਰੈਕਟੋਰੇਟ, ਐਸ.ਜੀ.ਪੀ.ਸੀ. ਦਾ ਉਦੇਸ਼ ਨੌਜਵਾਨਾਂ ਨੂੰ ਦੇਸ਼ ਸੇਵਾ, ਅਨੁਸ਼ਾਸਨ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਲਈ ਭਾਰਤੀ ਸਸ਼ਸਤ੍ਰ ਬਲਾਂ ਵਿੱਚ ਅਫ਼ਸਰ ਬਣਨ ਦੇ ਵਧੇਰੇ ਮੌਕੇ ਪੈਦਾ ਕਰਨਾ ਹੈ।