25/03/2025
ਵਿਦਿਆਰਥੀ ਜੀਵਨ ਅਤੇ ਵਪਾਰਕ ਸੋਚ ਨੂੰ ਜੋੜਨ ਦੀ ਲੋੜ ਅਤੇ ਮਹੱਤਵ:-
ਚਾਨਣ ਦੀਆਂ ਤਰਜਾਂ ਪੰਨੇ ਨਾਲ਼ ਜੁੜ ਕੇ ਹੌਂਸਲਾ ਦਵੋ ਜੀ
https://www.facebook.com/share/12Emq1nDfd9/?mibextid=wwXIfr
ਜਦੋਂ ਮੇਰੇ ਪਿਤਾ ਜੀ ਨੇ ਪੜ੍ਹਨ ਲਾਇਆ ਸੀ, ਤਾਂ ਤਿੰਨ ਮੁੱਖ ਗੱਲਾਂ ਪੱਲੇ ਬੰਨੀਆਂ ਸਨ। ਇੱਕ ਕਿ ਤੁਹਾਡੀ ਸਿੱਖਿਆ ਅਤੇ ਗਿਆਨ ਹੀ ਤੁਹਾਡੀ ਜਾਇਦਾਦ ਅਤੇ ਪੂੰਜੀ ਹੈ ਜੋ ਕੋਈ ਖੋਹ ਨਹੀ ਸਕਦਾ ਅਤੇ ਦੂਜਾ ਤੁਸੀਂ ਜੋ ਕਰਨਾ ਖੁਦ ਲਈ ਕਰਨਾ, ਮੈਂ ਸਿਰਫ਼ ਤੁਹਾਨੂੰ ਪੜ੍ਹਨ ਸਿੱਖਣ ਵਿੱਚ ਮੱਦਦ ਕਰ ਸਕਦਾ, ਤੀਜਾ ਕਿ ਆਉਣ ਵਾਲਾ ਸਮਾਂ ਬਹੁਤ ਹੀ ਔਖਾ ਹੈ। ਇਹ ਤਿੰਨੋਂ ਨਸੀਹਤਾਂ ਅਕਾਲੀ (timeless) ਹਨ। ਜੋ ਅੱਜ ਕੱਲ੍ਹ ਅਤੇ ਹਮੇਸ਼ਾ ਲਾਗੂ ਰਹਿਣਗੀਆਂ। ਕਾਸ਼ ਅੱਜ ਉਹ ਹੁੰਦੇ ਤਾਂ ਮੈਂ ਹੋਰ ਬਹੁਤ ਸਿੱਖ ਸਕਦਾ ਸੀ, ਉਹਨਾਂ ਦੀ ਸਖਸ਼ੀਅਤ ਅਤੇ ਸਿੱਖਿਆਵਾਂ ਬਾਰੇ ਕਦੇ ਹੋਰ ਲਿਖਾਂਗਾ।
ਅੱਜ ਸਮੇਂ ਹਾਲਾਤ ਬਦਲਣ ਦੀ ਰਫ਼ਤਾਰ ਹੋਰ ਵੀ ਤੇਜ਼ ਹੈ, ਜਿਸ ਕਰਕੇ ਬਹੁਤਾਤ ਲੋਕਾਂ ਦੇ ਮਨ ਇਸਨੂੰ ਜਜ਼ਬ ਨਹੀ ਕਰ ਪਾਉਂਦੇ ਅਤੇ ਡਿਪਰੈਸ਼ਨ ਅਤੇ ਭਟਕਣ ਵੱਲ ਧੱਕੇ ਜਾਂਦੇ ਹਨ। ਸਿੱਖਣ ਲਈ ਜ਼ਰੂਰੀ ਅਨੁਸ਼ਾਸਨ, ਸਬਰ ਅਤੇ ਮਨ ਅਵਸਥਾ ਦੀ ਘਾਟ ਕਰਕੇ ਵੀ ਲੋਕ ਸ਼ਾਰਟਕਟ ਭਾਲਦੇ ਹਨ, ਜੋ ਅਸਥਾਈ ਸੰਤੁਸ਼ਟੀ ਤਾਂ ਦੇ ਸਕਦਾ ਪਰ ਸੱਚੀ ਖੁਸ਼ੀ ਜਾਂ ਮਨ ਸ਼ਾਂਤੀ ਨਹੀ। ਇਨ੍ਹਾਂ ਸ਼ਾਰਟਕੱਟ ਵਿੱਚ ਉਹ ਸਭ ਸ਼ਾਮਿਲ ਹੈ, ਜੋ ਤੁਸੀਂ ਅਜੋਕੇ ਸਮੇਂ ਰੀਲਾਂ ਵਿੱਚ ਵੇਖਦੇ ਹੋ, ਪਰ ਅੰਤ ਉਹਨਾਂ ਸਭ ਨੂੰ ਮਨ ਅਵਸਥਾਵਾਂ ਨੂੰ ਮੁੜ ਦਰੁਸਤ (heal) ਕਰਨ ਲਈ ਮਨ ਇੰਜੀਨੀਅਰਿੰਗ ਵੱਲ ਆਉਣਾ ਪਵੇਗਾ।
ਵਿਦਿਆਰਥੀ ਜੀਵਨ ਸਿੱਖਣ ਦੀ ਦਹਿਲੀਜ਼ ਉੱਤੇ ਪਹਿਲੇ ਕਦਮ ਹੁੰਦੇ ਹਨ, ਇੱਥੋਂ ਹੀ ਜ਼ਿੰਦਗੀ ਦੇ ਆਦਰਸ਼ ਰਾਹ ਤਹਿ ਹੁੰਦੇ ਹਨ। ਅੱਜ ਪੜ੍ਹ ਕੇ ਸਰਕਾਰੀ ਗੈਰ ਸਰਕਾਰੀ ਨੌਕਰੀਆਂ ਦੀ ਭਾਲ ਵਿੱਚ ਭਟਕਣਾ ਮੂਰਖਤਾ ਹੈ। ਜੇਕਰ ਤੁਸੀਂ ਬਹੁਤ ਹੀ ਉੱਚ ਦਰਜੇ ਵਿਦਿਆ ਹਾਸਿਲ ਕਰ ਲਈ ਹੈ ਤਾਂ ਨੌਕਰੀ ਲਈ ਬਹੁਤੀ ਦੇਰ ਭਟਕਣਾ ਨਹੀ ਪਵੇਗਾ। ਪਰ ਮੇਰੀ ਚਿੰਤਾ ਬਾਕੀ 95% ਵਿਦਿਆਰਥੀਆਂ ਲਈ ਹੈ। ਇਸ ਲਈ ਨਵੇਂ ਜਮਾਨੇ ਦੇ ਨਵੇਂ ਹੁਨਰ ਅਪਣਾਉਣ ਲਈ ਤਿਆਰੀ ਕਰਨੀ ਪਏਗੀ।
ਹੁਣ ਸਵਾਲ ਇਹ ਹੈ ਕਿ ਵਿਦਿਆਰਥੀਆਂ ਲਈ ਸਵੈ-ਰੁਜ਼ਗਾਰ ਅਤੇ ਉੱਧਮ ਦੇ ਰਸਤੇ ਕਿਵੇਂ ਖੋਲੇ ਜਾ ਸਕਣ। ਮੇਰੀ ਸਮਝ ਵਿੱਚ +1,+2 ਦੇ ਬੱਚਿਆਂ ਲਈ ਖ਼ਾਸ ਲੈਬ ਅਤੇ ਵਰਕਸ਼ਾਪ ਜੋ ਕੋਈ ਉਪਕਰਨ ਜਾਂ ਮਟੀਰੀਅਲ ਬਣਾਵੇ, ਟੀਮਾਂ ਬਣਾਈਆਂ ਜਾਣ ਜੋ ਸੋਸ਼ਲ ਮੀਡੀਆ ਮਾਰਕਟਿੰਗ ਆਦਿ ਕਰਨ। ਬੱਚਿਆਂ ਅੰਦਰ ਜਜ਼ਬਾ, ਉਮੀਦ ਅਤੇ ਊਰਜਾ ਮੌਜੂਦ ਹੈ ਬੱਸ ਉਸਨੂੰ ਦਿਸ਼ਾ ਦੇਣ ਦੀ ਲੋੜ ਹੈ। ਇਸੇ ਤਰਾਂ ਬੀਐੱਸਸੀ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਖੋਜ ਅਤੇ ਮਾਰਕਿਟ ਆਧਾਰਿਤ ਉੱਧਮ ਕਰਨੇ ਚਾਹੀਦੇ ਹਨ, ਸੰਗਤ ਰੂਪ ਵਿੱਚ ਰਲ਼ ਕੇ ਕਿਸੇ ਵਿਚਾਰ ਉੱਤੇ ਕੰਮ ਕਰਨਾ ਸਭ ਤੋਂ ਉੱਤਮ ਹੈ। ਵਿਸ਼ਵ ਦੇ ਉੱਭਰਦੇ ਟ੍ਰੈਂਡ ਸਮਝਣੇ ਚਾਹੀਦੇ ਹਨ। ਜ਼ਮੀਨਾਂ ਬਚਾਉਣੀਆਂ ਚਾਹੀਦੀਆਂ ਹਨ, ਖੇਤੀ ਨੂੰ ਸਿੱਧੇ ਵਪਾਰ ਅਤੇ ਐਕਸਪੋਰਟ ਨਾਲ਼ ਜੋੜਨਾ ਚਾਹੀਦਾ ਹੈ। ਸ਼ਹਿਰਾਂ ਦੀ ਵੇਸਟ (waste) ਨੂੰ ਪ੍ਰੋਸੈਸ ਕਰਕੇ ਜ਼ਰੂਰੀ ਵਸਤੂਆਂ ਜਾਂ ਉਪਯੋਗੀ ਰਸਾਇਣ ਵਿੱਚ ਬਦਲਣਾ ਚਾਹੀਦਾ ਹੈ। 10 ਪਿੰਡਾਂ ਦਾ ਇੱਕ ਸਾਂਝਾ ਵਿਗਿਆਨਕ ਖੋਜ ਸੈਂਟਰ ਹੋਵੇ, ਰਸਾਇਣ ਭੌਤਿਕ ਜੀਵ, ਇਲੈਕਟ੍ਰਾਨਿਕ, ਇੰਜੀਨੀਅਰਿੰਗ ਅਤੇ ਕੰਪਿਊਟਰ ਸਿੱਖਿਆ ਅਤੇ ਖੋਜ (coding, programming, AI-ML) ਸਭ ਇੱਕੋ ਛੱਤ ਥੱਲੇ ਹੋਵੇ ਅਤੇ ਧਿਆਨ ਸਿਰਫ਼ ਉਹਨਾਂ ਸਵਾਲਾਂ ਉੱਤੇ ਹੋਵੇ ਜੋ ਭਵਿੱਖ ਦੀ ਮਾਰਕਿਟ ਕੰਟਰੋਲ ਕਰਨਗੇ।
ਮੇਰੇ ਮਨ ਅੰਦਰ ਇਹ ਪੂਰੀ ਤਰਾਂ ਪ੍ਰਤੱਖ ਹੈ, ਹੋ ਚੁੱਕਿਆ ਹੈ, ਅਸੀਂ ਰਲ ਕੇ ਇੱਕਮਨ ਹੋ ਕੇ ਇੱਕ ਨਵੇਂ ਅਧਿਆਏ ਵੱਲ ਵੱਧ ਰਹੇ ਹਾਂ, ਮੈਨੂੰ ਇਸ ਵਿੱਚ ਕੋਈ ਰੁਕਾਵਟ ਨਹੀ ਦਿੱਖਦੀ, ਸਭ ਅੰਦਰ ਇਹ ਉਮੀਦ ਝਲਕ ਰਹੀ ਹੈ। ਹਾਂ, ਅਸੀਂ ਦੁਨੀਆ ਦੀ ਸਭ ਤੋਂ ਉੱਤਮ ਸੱਭਿਅਤਾ ਬਣਨ ਵੱਲ ਕਦਮ ਪੁੱਟ ਚੁੱਕੇ ਹਾਂ, ਆਉਣ ਵਾਲੇ ੧੦੦ ਵਰ੍ਹੇ ਸਾਡੇ ਹਨ। ਜੇਕਰ ਅਸੀਂ ਪੰਜ ਭੂਤ ਸਾਂਭੇ ਤਾਂ ਕਾਲ ਅਕਾਲ ਇੱਕ ਮਿੱਕ ਕਰਕੇ ਅਸੀਂ ਹੁਕਮੀ ਪੌੜੀਆਂ ਚੜ੍ਹਦੇ ਨਿਰੀ ਊਰਜਾ ਹੋ ਜਾਵਾਂਗੇ।
ਡਾ. ਪ੍ਰਭਜੋਤ ਸਿੰਘ ਸਿੱਧੂ
ਪੀਐੱਚਡੀ ਪੰਜਾਬ ਯੂਨੀਵਰਸਿਟੀ,
ਪੋਸਟਡਾਕਟਰਲ ਫੈਲੋ, ਪੋਲਿਸ਼ ਅਕੈਡਮੀ ਆਫ਼ ਸਾਇੰਸ, ਵਾਰਸਾ, ਪੋਲੈਂਡ।
ਅਸਿਸਟੈਂਟ ਪ੍ਰੋਫੈਸਰ, ਚੰਡੀਗੜ੍ਹ ਗਰੁੱਪ ਆਫ਼ ਕਾਲਜ, ਲਾਂਡਰਾਂ, ਮੋਹਾਲੀ।