11/07/2026
ਬ੍ਰਹਮ ਗਿਆਨੀ ਸਦਾ ਨਿਰਲੇਪ ॥ ਜੈਸੇ ਜਲ ਮਹਿ ਕਮਲ ਅਲੇਪ ॥
ਸਾਡੇ ਮਨ ਦਾ ਵਿਚਲਿਤ ਹੋਣਾ , ਇਛਾਵਾਂ ਪਿੱਛੇ ਭੱਜਣਾ , ਮਨ ਦਾ ਮਾਇਆ ਦੇ ਅਧੀਨ ਹੋਣ ਕਰਕੇ ਹੈ। ਮਨ ਚੇਤਨਾ ਦਾ ਜਾਗ੍ਰਿਤ ਸਵਰੂਪ ਹੈ , ਅਤੇ ਮਨ ਦੀਆਂ ਕਈ ਅਵਸਥਾਵਾਂ ਹੋ ਸਕਦੀਆਂ ਹਨ। ਇਹ ਜਾਗ੍ਰਿਤ ਸਵਰੂਪ ਮਾਇਆ ਯੁਕਤ ਹੀ ਹੈ , ਭਾਵ ਇਸਦੀ ਮਾਇਆ ਪਦਾਰਥ/ਕੁਆਂਟਮ ਫ਼ੀਲਡ ਨਾਲ ਪਰਸਪਰ ਕਿਰਿਆ ਕਰਕੇ ਹੀ ਇਹ ਜਾਗ੍ਰਿਤ ਅਵਸਥਾ ਵਿਚ ਹੈ। ਜੇਕਰ ਚੇਤਨਾ ਦੀ ਮਾਇਆ ਨਾਲ ਇਹ ਕਿਰਿਆ ਖ਼ਤਮ ਹੁੰਦੀ ਹੈ ਤਾਂ ਉਸ ਸਮੇਂ ਮਨ ਭੌਤਿਕ ਨਹੀਂ ਰਹਿੰਦਾ, ਇਸੇ ਨੂੰ "ਨਿਰਲੇਪ" ਹੋਣਾ ਕਿਹਾ ਜਾ ਸਕਦਾ ਹੈ। ਇਸ ਅਵਸਥਾ ਦੀ ਜਿੰਨੀ ਬਾਰੀਕੀ ਨਾਲ ਖੋਜ ਕੀਤੀ ਜਾਵੇ ਉਹ ਘੱਟ ਹੈ , ਕਿਓਂਕਿ ਇਹ ਕਿਸੇ ਯੋਜਨਾ ਤਹਿਤ ਨਹੀਂ ਲਿਆਂਦੀ ਜਾ ਸਕਦੀ। "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥" ਰਾਹੀਂ ਗੁਰਬਾਣੀ ਸ਼ੁਰੂ ਵਿਚ ਹੀ ਇਹ ਸਵਾਲ ਸਾਡੇ ਸਾਹਮਣੇ ਰੱਖਦੀ ਹੈ। "ਨਿਰਪੇਲ " ਹੋਣ ਲਈ "ਸਚਿਆਰਾ" ਹੋਣਾ ਪਹਿਲੀ ਸ਼ਰਤ ਹੈ।
ਸਚਿਆਰਾ ਹੋਣ ਲਈ ਸਾਨੂੰ ਬਹੁਤ ਕੁੱਝ ਬਦਲਣਾ ਪੈਂਦਾ ਹੈ , ਕਿਉਂਕਿ ਅਜੋਕਾ ਜੀਵਨ ਅਜਿਹੇ ਸੰਘਰਸ਼ਾਂ ਨਾਲ ਭਰਿਆ ਹੁੰਦਾ ਹੈ , ਜਿਥੇ ਆਪਣੀ ਹਉਮੈ , ਅਤੇ ਹੋਂਦ ਨੂੰ ਬਰਕਰਾਰ ਰੱਖਣ ਲਈ ਸਹੀ ਗਲਤ ਦੇ ਪੈਮਾਨੇ ਧਿਆਨ ਵਿਚ ਨਹੀਂ ਰੱਖੇ ਜਾਂਦੇ। ਹੁਕਮ ਉੱਤੇ ਨਾਮਾਤਰ ਭਰੋਸਾ, ਅਤੇ ਮਨਮੁਖਿ ਸਭ ਕੁੱਝ ਆਪਣੀ ਯੋਜਨਾਬੰਦੀ ਅਨੁਸਾਰ ਕਰਨ ਦੀ ਇੱਛਾ ਰੱਖਦਾ ਹੈ। "ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥" ਜਦਕਿ ਜੀਵਨ ਵਿੱਚ ਘਟਿਤ ਹਰ ਵਰਤਾਰੇ ਦੇ ਪਿੱਛੇ ਵਰਤਦੇ "ਹੁਕਮਿ" ਨੂੰ ਬੁੱਝਣਾ ਵੱਲ ਇਨਸਾਨ ਕਦੇ ਚਲਦਾ ਹੀ ਨਹੀਂ। ਜੋ ਵੀ ਘਟਿਤ ਹੋ ਰਿਹਾ ਹੈ ਉਹ "ਹੁਕਮਿ" ਅੰਦਰ ਹੈ ; ਅਤੇ "ਹੁਕਮਿ" ਮਨ ਅੰਦਰ ਹੈ ; ਤਾਂ ਇਸਦਾ ਭਾਵ , ਮਨ ਹੀ ਆਪਣੀ ਹਕੀਕਤ ਸਿਰਜ ਰਿਹਾ ਹੈ , ਜਿਸਨੂੰ ਇੱਕ "ਕੌਂਸਿਓਸ ਏਜੇਂਟ" ਦੀ ਤਰ੍ਹਾਂ ਅਸੀਂ ਸਿਰਫ਼ ਮਹਿਸੂਸ ਕਰਦੇ ਹਾਂ। ਇਥੇ ਧਿਆਨ ਰਹੇ ਕਿ ਹੁਣ "ਮਨ" ਕਿਸੇ ਇੱਕ ਇਨਸਾਨ ਦਾ ਮਨ ਨਹੀਂ ਹੈ, ਸਗੋਂ ਹੁਣ ਇਹ "ਇੱਕਮਨ" ਹੈ।
ਇੱਕਮਨ = ਇੱਕ ਹੀ ਰੂਹ = 1 = oneness = one conciousness
ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥
ਦੁਈ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਏਕੋ ਏਕੁ ਵਰਤੈ ਸਭੁ ਸੋਈ ॥
ਗੁਰਮੁਖਿ ਵਿਰਲਾ ਬੂਝੈ ਕੋਈ ॥
ਸਚਿਆਰਾ ਮਨ ਹੀ , ਅੰਤਰ ਧਿਆਨ ਟਿਕ ਸਕਦਾ ਹੈ , ਨਿਰਲੇਪ ਹੋ ਸਕਦਾ ਹੈ, ਇਸੇ ਟਿਕਾਅ ਨੂੰ ਹਾਸਿਲ ਕਰਕੇ ਹੀ , ਨਾਮ ਦੀ ਕੰਪਨ ਮਨ ਵਿੱਚ ਪੈਦਾ ਹੁੰਦੀ ਹੈ। ਇੱਕ ਵਾਰ ਇਹ ਮਨ ਅਤੇ ਨਾਮ ਇੱਕ ਹੋ ਗਏ , ਤਾਂ ਮਨ ਹਮੇਸ਼ਾ ਲਈ ਮਾਇਆ ਤੋਂ ਮੁਕਤ ਰਹਿੰਦਾ ਹੈ। ਇਹ ਜੋੜ ਜਿਵੇਂ ਇੱਕ ਵਾਰ ਟੁੱਟਦਾ ਹੈ , ਅਤੇ ਮੁੜ ਜੁੜਦਾ ਨਹੀਂ , ਉਸੇ ਤਰਾਂ "ਹੁਕਮਿ" ਅੰਦਰ ਇਹ ਇੱਕ ਵਾਰ ਜੁੜਦਾ ਹੈ , ਤਾਂ ਸੱਚਾ ਅਤੇ ਆਖ਼ਿਰੀ ਮਰਨ ਹੋ ਜਾਂਦਾ ਹੈ।
ਮਨ ਦੀ ਇਸ ਖੋਜ ਵਿਚ ਚਲਦਿਆਂ, ਜੀਵਨ ਨਾਟਕ ਨੂੰ ਪੇਖਨਾ, ਅਤੇ "ਇੱਕ" ਦੀ ਕੁਦਰਤ ਨੂੰ ਜਾਣਦਿਆਂ ਵਾਹ ਵਾਹ ਕਰਨਾ, ਇਹੀ ਮੇਰੇ ਲਈ ਹੁਕਮਿ ਬੁੱਝਣ ਵਰਗਾ ਹੈ।
(ਗੁਰਬਾਣੀ ਵਿਚਾਰਦਿਆਂ ਹੋਈ ਭੁੱਲ ਚੁੱਕ ਨੂੰ ਮੁਆਫ਼ ਕਰਨਾ ਸੰਗਤ ਜੀ)
ਡਾ ਪ੍ਰਭਜੋਤ ਸਿੰਘ
ਪੀਐਚਡੀ , ਨੈਨੋਰਸਾਇਣ ਵਿਗਿਆਨ
PU, CHD (PhD), IChF, Warsaw, Poland (Postdoc).
Assistant Professor (Chemistry)
Akal University, Talwandi Sabo, India