22/07/2026
ਕਰਤਾਰਪੁਰ ਦੇ ਮਾਤਾ ਗੁਜਰੀ ਖਾਲਸਾ ਕਾਲਜ ਵਿਖੇ ‘ਪਾਈ ਐਪ੍ਰੋਕਸੀਮੇਸ਼ਨ ਡੇ’ ਉਤਸ਼ਾਹ ਨਾਲ ਮਨਾਇਆ ਗਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ ਵਿਖੇ ‘ਪਾਈ ਐਪ੍ਰੋਕਸੀਮੇਸ਼ਨ ਡੇ’ (Pi Approximation Day) ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਹ ਸਮਾਗਮ ਐਡਵੋਕੇਟ ਹਰਜਿੰਦਰ ਸਿੰਘ ਧਾਮੀ (ਪ੍ਰਧਾਨ, ਐਸ.ਜੀ.ਪੀ.ਸੀ.) ਅਤੇ ਵਿਦਿਆ ਸਕੱਤਰ ਇੰਜੀਨੀਅਰ ਸੁਖਮਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਦੀ ਯੋਗ ਅਗਵਾਈ ਅਤੇ ਸਾਇੰਸ ਵਿਭਾਗ ਦੇ ਅਧਿਆਪਕਾਂ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ।
ਇਸ ਮੌਕੇ ਸਾਇੰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ‘ਪਾਈ ਐਪ੍ਰੋਕਸੀਮੇਸ਼ਨ ਡੇ ਕੁਇਜ਼ ਮੁਕਾਬਲਾ’ ਕਰਵਾਇਆ ਗਿਆ। ਮੁਕਾਬਲੇ ਦੇ ਪਹਿਲੇ ਪੜਾਅ ਵਿੱਚ ਲਿਖਤੀ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 9 ਵਿਦਿਆਰਥੀਆਂ ਨੂੰ ਅਗਲੇ ਰਾਊਂਡ ਲਈ ਸ਼ਾਰਟਲਿਸਟ ਕੀਤਾ ਗਿਆ। ਇਸ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਦੀਆਂ ਤਿੰਨ ਟੀਮਾਂ ਬਣਾਈਆਂ ਗਈਆਂ ਅਤੇ ਵੱਖ-ਵੱਖ ਰਾਊਂਡਾਂ ਰਾਹੀਂ ਵਿਗਿਆਨ ਅਤੇ ਗਣਿਤ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ।ਮੁਕਾਬਲੇ ਵਿੱਚ ਟੀਮ-ਸੀ (ਹਰਮਨਪ੍ਰੀਤ ਬਹਿਮਨੀ, ਮਨਵੀਰ ਕੌਰ ਅਤੇ ਆਰੀਅਨ ਪਾਲ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਟੀਮ-ਏ (ਮਨਮੀਤ ਸਿੰਘ, ਗੁਰਸ਼ਰਨ ਸਿੰਘ ਅਤੇ ਜਸ਼ਨਦੀਪ ਕੌਰ) ਨੇ ਦੂਜਾ ਸਥਾਨ, ਜਦਕਿ ਟੀਮ-ਬੀ (ਸ਼ਰਨਜੀਤ ਕੌਰ, ਖੁਸ਼ਪ੍ਰੀਤ ਅਤੇ ਖੁਸ਼ਪ੍ਰੀਤ ਮਿਨਹਾਸ) ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ, ਆਤਮ-ਵਿਸ਼ਵਾਸ ਅਤੇ ਵਿਗਿਆਨਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਲਜ ਦੀ ਵਾਈਸ ਪ੍ਰਿੰਸੀਪਲ ਡਾ. ਸੁਚੇਤਾ ਰਾਣੀ ਨੇ ਵਿਦਿਆਰਥੀਆਂ ਅਤੇ ਵਿਭਾਗ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ‘ਪਾਈ ਐਪ੍ਰੋਕਸੀਮੇਸ਼ਨ ਡੇ’ ਸਿਰਫ਼ ਗਣਿਤ ਦੇ ਇੱਕ ਮਹੱਤਵਪੂਰਨ ਸਥਿਰ ਅੰਕ ਦਾ ਜਸ਼ਨ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਤਰਕਸ਼ੀਲ ਸੋਚ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਖੋਜ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਦਾ ਵੀ ਇੱਕ ਸਾਰਥਕ ਉਪਰਾਲਾ ਹੈ। ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਡਾ. ਅੰਮ੍ਰਿਤਾ ਕੁਮਾਰੀ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਨੇਹਾ ਕੁਮਾਰੀ,ਪ੍ਰੋ. ਲਵਲੀਨ ਕੌਰ ਵੀ ਹਾਜ਼ਰ ਸਨ ।