Doaba sporting club khera mahilpur

Doaba sporting club khera mahilpur

Share

Doaba cup u-12..14...16(home&away ) super league summer football tournament in June & July holidays
Doaba cup ( college & clubs) in every year January ...

25/07/2021

ਓਲੰਪਿਕ ਖੇਡਾਂ ਦਾ ਸੰਵਿਧਾਨ: ਓਲੰਪਿਕ ਚਾਰਟਰ
ਪ੍ਰਿੰ ਸਰਵਣ ਸਿੰਘ

ਓਲੰਪਿਕ ਚਾਰਟਰ ਐਸਾ ਦਸਤਾਵੇਜ਼ ਹੈ ਜਿਸ ਦੀ ਜਾਣਕਾਰੀ ਖੇਡਾਂ ਨਾਲ ਜੁੜੇ ਹਰ ਵਿਅਕਤੀ ਨੂੰ ਹੋਣੀ ਚਾਹੀਦੀ ਹੈ। ਮਾਡਰਨ ਓਲੰਪਿਕ ਖੇਡਾਂ ਦੇ ਪਿਤਾਮਾ ਪੀਅਰੇ ਦਿ ਕੂਬਰਤਿਨ ਨੇ 23 ਜੂਨ 1894 ਨੂੰ ਪੈਰਿਸ ਦੀ ਓਲੰਪਿਕ ਕਾਂਗਰਸ ਵਿਚ ਇਸ ਦਾ ਖਰੜਾ ਪੇਸ਼ ਕੀਤਾ ਸੀ ਜੋ ਸਰਬ ਸੰਮਤੀ ਨਾਲ ਪਾਸ ਹੋ ਗਿਆ। ਸਮੇਂ-ਸਮੇਂ ਇਸ ਵਿਚ ਸੋਧਾਂ ਹੁੰਦੀਆਂ ਰਹੀਆਂ। ਇਸ ਵੇਲੇ ਜੋ ਓਲੰਪਿਕ ਚਾਰਟਰ ਅਮਲ ਵਿਚ ਹੈ ਉਹ 103 ਪੰਨਿਆਂ ਦਾ ਦਸਤਾਵੇਜ਼ ਹੈ। ਇਹ 2011 ਵਿਚ ਛਾਪਿਆ ਗਿਆ ਸੀ ਤੇ 8 ਜੁਲਾਈ 2011 ਤੋਂ ਲਾਗੂ ਹੈ। ਇਸ ਦੇ 6 ਚੈਪਟਰ ਹਨ। ਆਰੰਭ ਵਿਚ ਬਹੁਸ਼ਬਦੇ ਗੁੱਟਾਂ ਦੇ ਸੰਖੇਪ ਰੂਪ ਜਿਵੇਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਲਈ ਆਈਓਸੀ, ਓਲੰਪਿਕ ਕੌਂਸਲ ਆਫ਼ ਏਸ਼ੀਆ ਲਈ ਓਸੀਏ ਤੇ ਓਲੰਪਿਕ ਚਾਰਟਰ ਲਈ ਓਸੀ ਆਦਿ ਦਿੱਤੇ ਹਨ ਅਤੇ ਓਲੰਪਸਿਜ਼ਮ ਦੇ ਬੁਨਿਆਦੀ ਉਦੇਸ਼ਾਂ ਦਾ ਵੇਰਵਾ ਹੈ। ਮਸਲਨ ਓਲੰਪਿਕ ਖੇਡਾਂ, ਮੁਲਕ, ਨਸਲ, ਰੰਗ, ਧਰਮ, ਕੌਮ ਜਾਂ ਖਿੱਤੇ ਦੇ ਭਿੰਨ ਭੇਦ ਬਿਨਾਂ ਧਰਤੀ ਦੇ ਹਰ ਵਾਸੀ ਲਈ ਖੁੱਲ੍ਹੀਆਂ ਹੋਣਗੀਆਂ। ਕੋਈ ਇਨ੍ਹਾਂ ਦੀ ਰਾਜਸੀ ਜਾਂ ਵਪਾਰਕ ਹਿਤਾਂ ਲਈ ਦੁਰਵਰਤੋਂ ਨਹੀਂ ਕਰ ਸਕੇਗਾ। ਓਲੰਪਿਕ ਖੇਡਾਂ ਵਿਸ਼ਵ ਸ਼ਾਂਤੀ, ਸਦਭਾਵਨਾ, ਵਿਕਾਸ ਤੇ ਮਨੁੱਖ ਨੂੰ ਚੰਗਾ ਇਨਸਾਨ ਬਣਾਉਣ ਲਈ ਹੋਣਗੀਆਂ।
ਪਹਿਲਾ ਚੈਪਟਰ ਓਲੰਪਿਕ ਲਹਿਰ, ਸੰਗਠਨ, ਉਦੇਸ਼, ਰੋਲ, ਓਲੰਪਿਕ ਕਾਂਗਰਸ, ਫਰਜ਼, ਅਧਿਕਾਰ, ਪ੍ਰਾਪਰਟੀ, ਓਲੰਪਿਕ ਚਿੰਨ੍ਹ, ਝੰਡਾ, ਮਾਟੋ, ਨਿਸ਼ਾਨ, ਓਲੰਪਿਕ ਲਾਟ, ਮਸ਼ਾਲ ਤੇ ਓਲੰਪਿਕ ਪਦਾਂ ਦੀ ਜਾਣਕਾਰੀ ਦੇਣ ਵਾਲਾ ਹੈ। ਦੂਜਾ ਕਾਂਡ ਆਈਓਸੀ ਦਾ ਕਾਨੂੰਨੀ ਰੁਤਬਾ, ਮੈਂਬਰ, ਇਹਦੀ ਬਣਤਰ, ਸੈਸ਼ਨ, ਆਈਓਸੀ ਦਾ ਕਾਰਜਕਾਰੀ ਬੋਰਡ, ਪ੍ਰਧਾਨ, ਕਮਿਸ਼ਨ, ਭਾਸ਼ਾਵਾਂ ਤੇ ਆਮਦਨ ਦੇ ਸੋਮਿਆਂ ਬਾਰੇ ਹੈ। ਦਸਤਾਵੇਜ਼ ਫਰਾਂਸੀਸੀ ਤੇ ਅੰਗਰੇਜ਼ੀ ਵਿਚ ਹੈ। ਮੀਟਿੰਗਾਂ ਦੀ ਕਾਰਵਾਈ ਵਿਚ ਇਨ੍ਹਾਂ ਦਾ ਤਰਜਮਾ ਜਰਮਨ, ਸਪੈਨਿਸ਼, ਰੂਸੀ ਤੇ ਅਰਬੀ ਵਿਚ ਵੀ ਮੁਹੱਈਆ ਕੀਤਾ ਜਾਂਦਾ ਹੈ। ਕਿਸੇ ਮੱਦ `ਤੇ ਮੱਤ ਭੇਦ ਹੋਵੇ ਤਾਂ ਫਰਾਂਸੀਸੀ ਵਿਚ ਲਿਖੇ ਨੂੰ ਪਹਿਲ ਮਿਲਦੀ ਹੈ।
ਤੀਜਾ ਚੈਪਟਰ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਬਾਰੇ ਹੈ। ਉਨ੍ਹਾਂ ਨੂੰ ਮਾਨਤਾ ਕਿਵੇਂ ਮਿਲਦੀ ਹੈ ਤੇ ਉਨ੍ਹਾਂ ਦਾ ਓਲੰਪਿਕ ਖੇਡਾਂ ਵਿਚ ਕੀ ਰੋਲ ਹੈ? ਹੁਣ ਕਿਸੇ ਨਵੀਂ ਸਪੋਰਟ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਾਉਣਾ ਪਹਿਲਾਂ ਨਾਲੋਂ ਔਖਾ ਹੋ ਗਿਆ ਹੈ। ਉਹੀ ਸਪੋਰਟ ਓਲੰਪਿਕ ਖੇਡਾਂ ਲਈ ਵਿਚਾਰੀ ਜਾ ਸਕਦੀ ਹੈ ਜਿਹੜੀ ਚਾਰ ਮਹਾਂਦੀਪਾਂ ਦੇ ਘੱਟੋਘੱਟ 75 ਮੁਲਕਾਂ `ਚ ਖੇਡੀ ਜਾਂਦੀ ਹੋਵੇ। ਉਹਦੀਆਂ ਨੈਸ਼ਨਲ, ਮਹਾਂਦੀਪੀ ਤੇ ਵਿਸ਼ਵ ਚੈਂਪੀਅਨਸਿ਼ਪਾਂ ਹੁੰਦੀਆਂ ਹੋਣ ਤੇ ਵਾਡਾ ਦੇ ਟੈੱਸਟਾਂ ਰਾਹੀਂ ਡੋਪ ਮੁਕਤ ਹੋਵੇ।
ਚੌਥਾ ਕਾਂਡ ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਨਾਲ ਸੰਬੰਧਿਤ ਹੈ। ਉਨ੍ਹਾਂ ਦੇ ਨਾਂ, ਝੰਡੇ ਤੇ ਉਨ੍ਹਾਂ ਨਾਲ ਨੈਸ਼ਨਲ ਖੇਡ ਫੈਡਰੇਸ਼ਨਾਂ ਦੇ ਜੁੜਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੰਜਵਾਂ ਚੈਪਟਰ ਓਲੰਪਿਕ ਖੇਡਾਂ ਨਾਲ ਸੰਬੰਧਿਤ ਹੈ। ਚਾਰ ਸਾਲਾਂ ਪਿਛੋਂ ਓਲੰਪਿਕ ਖੇਡਾਂ ਦਾ ਜਸ਼ਨ, ਮੇਜ਼ਬਾਨ ਸ਼ਹਿਰ ਦੀ ਚੋਣ, ਸਥਾਨ, ਵੀਨੂੰ, ਪ੍ਰਬੰਧਕ ਕਮੇਟੀ, ਜਿ਼ੰਮੇਵਾਰੀ, ਓਲੰਪਿਕ ਖੇਡਾਂ ਦੀ ਕੋਆਰਡੀਨੇਸ਼ਨ, ਲਾਇਜ਼ਨ, ਖੇਡਾਂ ਦਾ ਵਾਧਾ ਘਾਟਾ, ਨੈਸ਼ਨਲ ਓਲੰਪਿਕ ਐਸੀਏਸ਼ਨਾਂ ਤੇ ਪ੍ਰਬੰਧਕੀ ਕਮੇਟੀ ਵਿਚਕਾਰ ਤਾਲਮੇਲ, ਓਲੰਪਿਕ ਪਿੰਡ, ਕਲਚਰਲ ਪ੍ਰੋਗਰਾਮ, ਖਿਡਾਰੀਆਂ ਦੀ ਯੋਗਤਾ ਤੇ ਖੇਡਾਂ `ਚ ਭਾਗ ਲੈਣ, ਸੱਦਾ ਪੱਤਰ ਤੇ ਐਂਟਰੀਆਂ, ਸਪੋਰਟਸ ਪ੍ਰੋਗਰਾਮ, ਟੈਕਨੀਕਲ ਜਿ਼ੰਮੇਵਾਰੀਆਂ, ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਦਾ ਰੋਲ, ਯੂਥ ਕੈਂਪ, ਮੀਡੀਆ ਕਵਰੇਜ, ਪ੍ਰਕਾਸ਼ਨਾਂ, ਇਸ਼ਤਿਹਾਰਬਾਜ਼ੀ, ਓਲੰਪਿਕ ਜੋਤ, ਮਸ਼ਾਲ, ਐਕਰੀਡੇਸ਼ਨ ਤੇ ਸ਼ਨਾਖ਼ਤੀ ਕਾਰਡ, ਮੈਡਲ, ਰੋਲ ਆਫ਼ ਆਨਰ ਅਤੇ ਉਦਘਾਟਨ ਤੇ ਸਮਾਪਤੀ ਰਸਮਾਂ ਸੰਬੰਧੀ ਜਾਣਕਾਰੀ ਦਿੱਤੀ ਹੈ। ਛੇਵੇਂ ਕਾਂਡ ਵਿਚ ਬੇਨਿਯਮੀ ਕਰਨ ਵਾਲੇ ਖਿਡਾਰੀਆਂ, ਅਧਿਕਾਰੀਆਂ, ਖੇਡ ਜਥੇਬੰਦੀਆਂ ਨੂੰ ਸਜ਼ਾਵਾਂ ਅਤੇ ਮੱਤ ਭੇਦਾਂ ਤੇ ਝਗੜਿਆਂ ਝੇੜਿਆਂ ਨੂੰ ਨਜਿੱਠਣ ਦੇ ਨਿਯਮ ਹਨ।
ਆਈਓਸੀ ਓਲੰਪਿਕ ਲਹਿਰ ਦਾ ਸਰਬਉੱਚ ਸੰਗਠਨ ਹੈ। ਇਸ ਦੇ ਵੱਧ ਤੋਂ ਵੱਧ 115 ਮੈਂਬਰ ਹੋ ਸਕਦੇ ਹਨ। ਇਨ੍ਹਾਂ ਵਿਚ 70 ਮੈਂਬਰ ਕੁਲ ਦੁਨੀਆ `ਚੋਂ ਚੁਣੇ ਜਾਂਦੇ ਹਨ ਪਰ ਇਕ ਮੁਲਕ `ਚੋਂ ਇਕ ਮੈਂਬਰ ਹੀ ਚੁਣਿਆ ਜਾ ਸਕਦੈ। 15 ਮੈਂਬਰ ਓਲੰਪਿਕ ਖੇਡਾਂ ਦੇ ਸਰਗਰਮ ਖਿਡਾਰੀਆਂ ਵਿਚੋਂ, 15 ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਦੇ ਅਹੁਦੇਦਾਰਾਂ `ਚੋਂ ਅਤੇ 15 ਮੈਂਬਰ ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਵਿਚੋਂ ਚੁਣੇ ਜਾਂਦੇ ਹਨ। ਸ਼ਰਤ ਇਹੋ ਹੈ ਕਿ ਕਿਸੇ ਇਕ ਵਰਗ ਵਿਚ ਕਿਸੇ ਦੇਸ਼ ਦੇ ਇਕ ਤੋਂ ਵੱਧ ਮੈਂਬਰ ਨਹੀਂ ਹੋ ਸਕਦੇ। ਜੁਲਾਈ 2013 ਵਿਚ 4 ਮੈਂਬਰ ਹੋਰ ਸ਼ਾਮਲ ਕਰ ਕੇ ਹੁਣ ਇਸ ਦੇ ਮੈਂਬਰਾਂ ਦੀ ਗਿਣਤੀ 104 ਹੈ। ਮੈਂਬਰੀ ਦੀ ਮਿਆਦ 8 ਸਾਲ ਹੁੰਦੀ ਹੈ। ਜਦੋਂ ਮੈਂਬਰ 70 ਸਾਲ ਦਾ ਹੋ ਜਾਵੇ ਤਾਂ ਉਹਦੀ ਮੈਂਬਰੀ ਖ਼ਤਮ ਹੋ ਜਾਂਦੀ ਹੈ। ਆਈਓਸੀ ਦੇ ਸੈਸ਼ਨ ਵਿਚ ਮੈਂਬਰਾਂ ਦੀ ਬਹੁਗਿਣਤੀ ਨਾਲ ਪ੍ਰਧਾਨ ਚੁਣਿਆ ਜਾਂਦਾ ਹੈ। ਸੈਸ਼ਨ ਦਾ ਕੋਰਮ ਕੁਲ ਮੈਂਬਰਾਂ ਦੇ ਅੱਧ ਤੋਂ ਇਕ ਜਣਾ ਵੱਧ ਹੈ। ਪ੍ਰਧਾਨ ਦੀ ਪਹਿਲੀ ਮਿਆਦ 8 ਸਾਲ ਹੈ, ਜੇ ਦੂਜੀ ਵਾਰ ਚੁਣਿਆ ਜਾਵੇ ਤਾਂ ਮਿਆਦ 4 ਸਾਲ। 12 ਸਾਲ ਦੀ ਪ੍ਰਧਾਨਗੀ ਕਰਨ ਪਿੱਛੋਂ ਉਹ ਪ੍ਰਧਾਨ ਦੀ ਚੋਣ ਨਹੀਂ ਲੜ ਸਕਦਾ।
ਆਈਓਸੀ ਦੇ ਹਰੇਕ ਮੈਂਬਰ ਨੂੰ ਸਹੁੰ ਚੁੱਕਣੀ ਪੈਂਦੀ ਹੈ ਕਿ ਉਹ ਓਲੰਪਿਕ ਲਹਿਰ ਦੇ ਅਸੂਲਾਂ ਉਤੇ ਪਹਿਰਾ ਦੇਵੇਗਾ। ਉਹ ਵੋਟ ਦੇਣ ਜਾਂ ਜਿ਼ੰਮੇ ਲੱਗੇ ਕਾਰਜ ਨੂੰ ਨਿਭਾਉਂਦਿਆਂ ਸਰਕਾਰ ਜਾਂ ਕਮੱਰਸ਼ਲ ਅਦਾਰਿਆਂ ਦੇ ਪ੍ਰਭਾਵ ਹੇਠ ਨਹੀਂ ਆਵੇਗਾ। ਉਹ ਖ਼ੁਦਮੁਖਤਿਆਰ ਸੰਗਠਨ ਦੀ ਖ਼ੁਦਮੁਖਤਿਆਰੀ ਹਰ ਹਾਲਤ ਵਿਚ ਕਾਇਮ ਰੱਖੇਗਾ। ਉਸ ਦਾ ਓਲੰਪਿਕ ਉਦੇਸ਼ ਅਮਨ, ਅਹਿੰਸਾ ਤੇ ਮਨੁੱਖ ਦੀ ਬਿਹਤਰੀ ਵਾਲਾ ਸੰਸਾਰ ਸਿਰਜਣਾ ਹੋਵੇਗਾ। ਆਈਓਸੀ ਦੇ ਕਾਰਜਾਂ ਵਿਚ ਇੰਟਰਨੈਸ਼ਨਲ ਖੇਡ ਫੈਡਰੇਸ਼ਨਾਂ, ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਤੇ ਓਲੰਪਿਕ ਖੇਡਾਂ ਦੀਆਂ ਸੰਚਾਲਨ ਕਮੇਟੀਆਂ ਵਿਚਾਲੇ ਤਾਲਮੇਲ ਕਰਨਾ, ਖਿਡਾਰੀਆਂ, ਕਲੱਬਾਂ ਤੇ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਦੀ ਬਿਹਤਰੀ ਅਤੇ ਕੋਚਾਂ, ਰੈਫਰੀਆਂ, ਅੰਪਾਇਰਾਂ, ਜੱਜਾਂ ਤੇ ਟੈਕਨੀਸ਼ਨਾਂ ਉਤੇ ਨਿਗਰਾਨੀ ਰੱਖਣਾ ਹੈ। ਜੁਆਨਾਂ ਨੂੰ ਖੇਡਾਂ ਰਾਹੀਂ ਚੰਗੇ ਇਨਸਾਨ ਬਣਾਉਣਾ, ਹਿੰਸਾ ਤੋਂ ਮੁਕਤ ਕਰਨਾ ਤੇ ਹਰ ਚਾਰ ਸਾਲ ਬਾਅਦ ਓਲੰਪਿਕ ਖੇਡਾਂ ਕਰਾਉਣਾ ਹੈ। ਖੇਡਾਂ ਵਿਚ ਹਰ ਤਰ੍ਹਾਂ ਦੇ ਵਿਤਕਰੇ ਖਿ਼ਲਾਫ਼ ਖੜ੍ਹਨਾ ਅਤੇ ਔਰਤਾਂ ਤੇ ਮਰਦਾਂ ਨੂੰ ਖੇਡਾਂ ਵਿਚ ਬਰਾਬਰ ਦੀ ਥਾਂ ਦੇਣਾ ਹੈ। ਇੰਟਰਨੈਸ਼ਨਲ ਖੇਡ ਫੈਡਰੇਸ਼ਨਾਂ ਨੂੰ ਆਰਜ਼ੀ ਜਾਂ ਪੂਰੀ ਮਾਨਤਾ ਵੀ ਆਈਓਸੀ ਨੇ ਹੀ ਦੇਣੀ ਹੁੰਦੀ ਹੈ।
ਆਈਓਸੀ ਕਾਰਜਕਾਰੀ ਬੋਰਡ ਦੇ 15 ਮੈਂਬਰ ਹੁੰਦੇ ਹਨ। 1 ਪ੍ਰਧਾਨ, 4 ਮੀਤ ਪ੍ਰਧਾਨ ਤੇ 10 ਮੈਂਬਰ। ਇਸ ਦਾ ਕੋਰਮ 8 ਹੈ। ਮੀਤ ਪ੍ਰਧਾਨਾਂ ਤੇ ਮੈਂਬਰਾਂ ਦੀ ਮਿਆਦ 4 ਸਾਲਾਂ ਦੀ ਹੈ। ਉਹ 4 ਸਾਲਾਂ ਲਈ ਦੁਬਾਰਾ ਵੀ ਚੁਣੇ ਜਾ ਸਕਦੇ ਹਨ ਪਰ ਤੀਜੀ ਵਾਰ ਚੁਣੇ ਜਾਣ ਲਈ ਦੋ ਸਾਲ ਦਾ ਖੱਪਾ ਚਾਹੀਦਾ ਹੈ। ਇਸ ਕੋਲ ਆਈਓਸੀ ਦੀਆਂ ਸ਼ਕਤੀਆਂ ਹੁੰਦੀਆਂ ਹਨ। ਇਹ ਪ੍ਰਧਾਨ ਦੀ ਮਨਜ਼ੂਰੀ ਨਾਲ ਡਾਇਰੈਕਟਰ ਜਨਰਲ ਨਿਯੁਕਤ ਕਰਦਾ ਹੈ। ਇਹੋ ਅਥਲੈਟਿਕ ਕਮਿਸ਼ਨ, ਐਥਿਕਸ ਕਮਿਸ਼ਨ, ਨਾਮਜ਼ਦਗੀ ਕਮਿਸ਼ਨ, ਸੌਲਡੈਰਿਟੀ ਕਮਿਸ਼ਨ, ਮੁਲਾਂਕਨ ਕਮਿਸ਼ਨ, ਕੋਆਰਡੀਨੇਸ਼ਨ ਕਮਿਸ਼ਨ ਤੇ ਮੈਡੀਕਲ ਕਮਿਸ਼ਨ ਆਦ ਦੇ ਮੈਂਬਰ ਨਾਮਜ਼ਦ ਕਰਦਾ ਹੈ। ਰੂਲਜ਼ ਤੇ ਬਾਈ ਲਾਅਜ਼ ਬਣਾਉਂਦਾ, ਫਾਈਨੈਂਸਲ ਮੈਨਜ਼ਮੈਂਟ ਕਰਦਾ, ਕੋਡ, ਨਾਰਮਜ਼ ਤੇ ਗਾਈਡ ਲਾਈਨਜ਼ ਬਣਾ ਕੇ ਆਈਓਸੀ ਦੇ ਸੈਸ਼ਨ ਲਈ ਏਜੰਡਾ ਤਿਆਰ ਕਰਦਾ ਹੈ।
ਓਲੰਪਿਕ ਚਾਰਟਰ ਵਿਚ ਕੋਈ ਸੋਧ ਆਈਓਸੀ ਦੇ ਸੈਸ਼ਨ ਵਿਚ ਦੋ ਤਿਹਾਈ ਬਹੁਗਿਣਤੀ ਨਾਲ ਹੋ ਸਕਦੀ ਹੈ ਜਦ ਕਿ ਆਮ ਫੈਸਲੇ ਬਹੁਗਿਣਤੀ ਨਾਲ ਹੁੰਦੇ ਹਨ। ਓਲੰਪਿਕ ਝੰਡੇ ਦਾ ਰੰਗ ਸਫੈਦ ਹੈ ਜਿਸ ਉਤੇ ਨੀਲੇ, ਪੀਲੇ, ਕਾਲੇ, ਹਰੇ ਤੇ ਲਾਲ ਰੰਗ ਦੇ ਕੁੰਡਲ ਆਪਸ ਵਿਚ ਪਰੋਏ ਹਨ। ਇਹ ਪੰਜਾਂ ਮਹਾਂਦੀਪਾਂ ਤੇ ਸਾਰੇ ਮੁਲਕਾਂ ਦੇ ਝੰਡਿਆਂ ਦੇ ਰੰਗਾਂ ਦੀ ਨੁਮਾਇੰਦਗੀ ਕਰਦੇ ਹਨ। ਓਲੰਪਿਕ ਲਾਟ ਯੂਨਾਨੀ ਦੇਵੀਆਂ ਓਲਿੰਪੀਆ ਦੇ ਖੰਡਰਾਂ `ਚੋਂ ਆਤਸ਼ੀ ਸ਼ੀਸੇ ਨਾਲ ਜਗਾਉਂਦੀਆਂ ਹਨ। ਉਹ ਲਾਟ ਮਸ਼ਾਲ ਰਾਹੀ ਓਲੰਪਿਕ ਖੇਡਾਂ ਦੇ ਸਟੇਡੀਅਮ ਵਿਚ ਲਿਆਂਦੀ ਜਾਂਦੀ ਹੈ ਜਿਥੇ ਕਿਸੇ ਨਾਮਵਰ ਖਿਡਾਰੀ ਹੱਥੋਂ ਓਲੰਪਿਕ ਜੋਤ ਜਗਾਈ ਜਾਂਦੀ ਹੈ। ਓਲੰਪਿਕ ਖੇਡਾਂ ਦਾ ਮਾਟੋ ਸਿਟੀਅਸ, ਐਲਟੀਅਸ, ਫੋਰਟੀਅਸ ਹੈ ਜਿਨ੍ਹਾਂ ਦੇ ਅਰਥ ਹਨ ਹੋਰ ਤੇਜ਼, ਹੋਰ ਉੱਚਾ, ਹੋਰ ਅੱਗੇ।

ਆਈਓਸੀ ਵਿਸ਼ਵ ਖੇਡ ਪ੍ਰਬੰਧ ਦੀ ਯੂਐੱਨਓ ਵਾਂਗ ਹੈ। ਉਸ ਨਾਲ ਮੁਲਕਾਂ ਦੀਆਂ ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਸੰਬੰਧਿਤ ਹੁੰਦੀਆਂ ਹਨ ਜਿਨ੍ਹਾਂ ਦੀ ਗਿਣਤੀ ਇਸ ਵੇਲੇ ਦੋ ਸੌ ਤੋਂ ਉਪਰ ਹੈ। ਐਨਓਸੀ ਨਾਲ ਦੇਸ਼ਾਂ ਦੀਆਂ ਖੇਡ ਫੈਡਰੇਸ਼ਨਾਂ ਜੁੜੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਸੂਬਾਈ ਖੇਡ ਐਸੋਸੀਏਸ਼ਨਾਂ ਦਾ ਨਾਤਾ ਹੁੰਦਾ ਹੈ। ਨੈਸ਼ਨਲ ਖੇਡ ਫੈਡਰੇਸ਼ਨਾਂ ਅੱਗੇ ਇੰਟਰਨੈਸ਼ਨਲ ਖੇਡ ਫੈਡਰੇਸ਼ਨਾਂ ਨਾਲ ਐਫਿਲੀਏਟ ਹੁੰਦੀਆਂ ਹਨ। ਓਲੰਪਿਕ ਲਹਿਰ ਵਿਚ ਉਹੀ ਅੰਤਰਰਾਸ਼ਟਰੀ ਖੇਡ ਫੈਡਰੇਸ਼ਨ ਅਸਲੀ ਸਮਝੀ ਜਾਂਦੀ ਹੈ ਜਿਸ ਨੂੰ ਆਈਓਸੀ ਦੀ ਮਾਨਤਾ ਮਿਲੀ ਹੋਵੇ। ਅਜੇ ਤਕ ਵਿਸ਼ਵ ਵਿਚ 68 ਸਪੋਰਟਸ ਦੀਆਂ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਪੱਕੀ ਮਾਨਤਾ ਮਿਲੀ ਹੈ। ਉਨ੍ਹਾਂ ਵਿਚੋਂ 35 ਸਪੋਰਟਸ ਨੂੰ ਆਫੀਸ਼ਲ ਯਾਨੀ ਕੋਰ ਸਪੋਰਟਸ ਦਾ ਦਰਜਾ ਹਾਸਲ ਹੈ। ਕੋਰ ਸਪੋਰਟਸ ਵਿਚੋਂ ਘੱਟੋ-ਘੱਟ 25 ਸਪੋਰਟਸ ਸਮਰ ਓਲੰਪਿਕ ਖੇਡਾਂ `ਚ ਸ਼ਾਮਲ ਕਰਨੀਆਂ ਲਾਜ਼ਮੀ ਹਨ। ਵੱਧ ਤੋਂ ਵੱਧ 3 ਸਪੋਰਟਸ, ਐਡੀਸ਼ਨਲ ਮਾਨਤਾ ਪ੍ਰਾਪਤ ਸਪੋਰਟਸ ਵਿਚੋਂ ਲਈਆਂ ਜਾ ਸਕਦੀਆਂ ਹਨ ਜਿਨ੍ਹਾਂ ਦੀ ਕੁਲ ਗਿਣਤੀ 33 ਹੈ।
ਕੋਰ ਸਪੋਰਟਸ ਦੀ ਸੂਚੀ ਵਿਚ ਤੈਰਾਕੀ, ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬੈਥਲੋਨ, ਬਾਬਸਲੈਗ, ਬਾਕਸਿੰਗ, ਕਨੋ/ਕਿਯਾਕ, ਕਰਲਿੰਗ, ਸਾਈਕਲਿੰਗ, ਘੋੜਸਵਾਰੀ, ਫੈਂਸਿੰਗ, ਫੁੱਟਬਾਲ, ਫੀਲਡ ਹਾਕੀ, ਆਈਸ ਹਾਕੀ, ਹੈਂਡਬਾਲ, ਗੌਲਫ਼, ਜਿਮਨਾਸਟਿਕਸ, ਜੂਡੋ, ਲੂਗ, ਮਾਡਰਨ ਪੈਂਟੈਥਲਨ, ਰੋਇੰਗ, ਰਗਬੀ, ਸੇਲਿੰਗ, ਸ਼ੂਟਿੰਗ, ਸਕੇਟਿੰਗ, ਸਕੀਂਗ, ਟੇਬਲ ਟੈਨਿਸ, ਟੀਕਵੋਂਡੋ, ਟੈਨਿਸ, ਟ੍ਰੈਥਲਨ, ਵਾਲੀਬਾਲ, ਵੇਟਲਿਫਟਿੰਗ ਤੇ ਰੈਸਲਿੰਗ ਸ਼ਾਮਲ ਹਨ। ਐਡੀਸ਼ਨਲ ਮਾਨਤਾ ਪ੍ਰਾਪਤ ਖੇਡਾਂ ਵਿਚ ਏਅਰ ਸਪੋਰਟਸ, ਆਟੋਮੋਬਾਈਲ, ਬੇਸਬਾਲ/ਸਾਫਟਬਾਲ, ਬੈਂਡੀ, ਬਿਲੀਆਰਡ ਸਪੋਰਟਸ, ਬਾਊਲਜ਼, ਬਾਊਲਿੰਗ, ਬ੍ਰਿਜ, ਚੈੱਸ, ਕ੍ਰਿਕਟ, ਡਾਂਸ ਸਪੋਰਟ, ਫਲੋਰਬਾਲ, ਫਲਾਈਂਗ ਡਿਸਕ, ਕਰਾਟੇ, ਕੋਰਫ਼ਬਾਲ, ਲਾਈਫ਼ ਸੇਵਿੰਗ, ਮੋਟਰਸਾਈਕਲ ਰੇਸਿੰਗ, ਮਾਊਂਟਨੀਅਰਿੰਗ ਐਂਡ ਕਲਾਈਂਮਿੰਗ, ਨੈੱਟਬਾਲ, ਓਰੀਐਂਟੀਅਰਿੰਗ, ਪੇਲੋਟਾ ਵਾਸਕਾ, ਪੋਲੋ, ਪਾਵਰ ਬੋਟਿੰਗ, ਰੈਕਟਬਾਲ, ਰੋਲਰ ਸਪੋਰਟਸ, ਸਪੋਰਟਸ ਕਲਾਈਮਿੰਗ, ਸੁਕੈਸ਼, ਸੁਮੋ, ਸਰਫਿੰਗ, ਰੱਸਾਕਸ਼ੀ, ਅੰਡਰਵਾਟਰ ਸਪੋਰਟਸ, ਵਾਟਰ ਸਕੀ ਤੇ ਵੁਸ਼ੂ ਸ਼ਾਮਲ ਹਨ।
ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਦੀਆਂ ਵੀ ਅੱਗੋਂ ਐਸੋਸੀੲਸ਼ਨਾਂ ਬਣੀਆਂ ਹੋਈਆਂ ਹਨ। ਮਸਲਨ ਸਮਰ ਓਲੰਪਿਕ ਖੇਡਾਂ ਦੀਆਂ ਕੋਰ ਸਪੋਰਟਸ ਫੈਡਰੇਸ਼ਨਾਂ ਦੀ ਐਸੋਸੀਏਸ਼ਨ, ਵਿੰਟਰ ਓਲੰਪਿਕ ਖੇਡਾਂ ਦੀਆਂ ਸਪੋਰਟਸ ਦੀ ਐਸੋਸੀਏਸ਼ਨ, ਮਾਨਤਾ ਪ੍ਰਾਪਤ ਸਪੋਰਟਸ ਦੀ ਐਸੋਸੀਏਸ਼ਨ, ਗ਼ੈਰ ਮਾਨਤਾ ਪ੍ਰਾਪਤ ਸਪੋਟਰਸ ਫੈਡਰੇਸ਼ਨਾਂ ਦੀ ਐਸੋਸੀਏਸ਼ਨ ਆਦ।
ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ, ਆਈਓਸੀ ਵਾਂਗ ਖੁਦਮੁਖਤਿਆਰ ਸੰਗਠਨ ਹੁੰਦੀਆਂ ਹਨ। ਪਿੱਛੇ ਜਿਹੇ ਭਾਰਤ ਸਰਕਾਰ ਨੇ ਖੇਡ ਐਸੋਸੀਏਸ਼ਨਾਂ ਤੇ ਖੇਡ ਫੈਡਰੇਸ਼ਨਾਂ ਦੇ ਅਹੁਦੇਦਾਰਾਂ ਲਈ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਮਸਲਨ 70 ਸਾਲ ਦੀ ਉਮਰ ਜਾਂ ਇਕ ਖ਼ਾਸ ਮਿਆਦ ਤਕ ਹੀ ਅਹੁਦੇ `ਤੇ ਰਿਹਾ ਜਾ ਸਕਦਾ ਹੈ। ਲੰਮੇ ਸਮੇਂ ਤੋਂ ਅਹੁਦੇਦਾਰੀਆਂ ਮਾਣਦੇ ਤੇ ਰਾਜਨੀਤੀ ਕਰ ਰਹੇ ਬਜ਼ੁਰਗਾਂ ਨੇ ਰੌਲਾ ਪਾ ਦਿੱਤਾ ਕਿ ਸਰਕਾਰ ਖੁਦਮੁਖਤਿਆਰ ਖੇਡ ਸੰਗਠਨਾਂ ਵਿਚ ਦਖਲ ਦੇ ਰਹੀ ਹੈ। ਖੇਡ ਸੰਗਠਨਾਂ ਦੇ ਅਹੁਦੇ ਦੱਬੀ ਰੱਖਣ ਦੇ ਮਾਮਲੇ ਵਿਚ ਵਿਰੋਧੀ ਪਾਰਟੀਆਂ ਦੇ ਨੇਤਾ ਵੀ ਇਕਸੁਰ ਹੋ ਗਏ। ਭਾਰਤੀ ਖੇਡ ਸੰਗਠਨਾਂ ਦੇ ਬਹੁਤੇ ਅਹੁਦੇ ਰਾਜਨੀਤਕਾਂ ਜਾਂ ਅਫਸਰਸ਼ਾਹਾਂ ਕੋਲ ਹਨ। ਖੇਡਾਂ ਦਾ ਵਿਕਾਸ ਹੋਵੇ, ਨਾ ਹੋਵੇ, ਉਹ ਮਰਦੇ ਦਮ ਤਕ ਅਹੁਦੇ ਨਹੀਂ ਛਡਣਾ ਚਾਹੁੰਦੇ।
ਓਲੰਪਿਕ ਚਾਰਟਰ ਵਿਚ ਸਭ ਤੋਂ ਵੱਡਾ ਚੈਪਟਰ ਓਲੰਪਿਕ ਖੇਡਾਂ ਬਾਰੇ ਹੈ। ਓਲੰਪਿਕ ਖੇਡਾਂ ਲੀਪ ਦੇ ਸਾਲ ਗਰਮ ਰੁੱਤ ਵਿਚ ਹੁੰਦੀਆਂ ਹਨ। ਵਿੰਟਰ ਓਲੰਪਿਕਸ, ਪੈਰਾ ਓਲੰਪਿਕਸ ਤੇ ਯੂਥ ਓਲੰਪਿਕਸ ਦੀਆਂ ਖੇਡਾਂ ਵੱਖਰੀਆਂ ਕਰਾਈਆਂ ਜਾਂਦੀਆਂ ਹਨ। ਖੇਡਾਂ ਕਿਸੇ ਦੇਸ਼ ਨੂੰ ਨਹੀਂ, ਸ਼ਹਿਰ ਨੂੰ ਸੌਂਪੀਆਂ ਜਾਂਦੀਆਂ ਹਨ। ਸ਼ਹਿਰ ਦਾ ਮੇਅਰ ਮੁੱਖ ਮੇਜ਼ਬਾਨ ਹੁੰਦੈ। ਖੇਡਾਂ ਤੋਂ 9 ਸਾਲ ਪਹਿਲਾਂ ਵਿਸ਼ਵ ਦੇ ਸ਼ਹਿਰ ਖੇਡਾਂ ਲਈ ਅਰਜ਼ੀਆਂ ਦਿੰਦੇ ਹਨ। ਆਈਓਸੀ ਦਾ ਕਾਰਜਕਾਰੀ ਬੋਰਡ ਮੁਲਾਂਕਣ ਕਮਿਸ਼ਨ ਰਾਹੀਂ ਮੁੱਢਲੀ ਪੜਤਾਲ ਕਰਾ ਕੇ ਅਰਜ਼ੀਆਂ ਛਾਂਟਦੈ। ਮਸਲਨ 2020 ਦੀਆਂ ਓਲੰਪਿਕ ਖੇਡਾਂ ਲਈ 5 ਸ਼ਹਿਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਦੋਹਾ ਤੇ ਬਾਕੂ ਨੂੰ ਛੰਡਨ ਪਿੱਛੋਂ ਆਈਓਸੀ ਦੇ ਸੈਸ਼ਨ ਵਿਚ ਚੋਣ ਕਰਨ ਲਈ ਤਿੰਨ ਸ਼ਹਿਰ ਇਸਤੰਬੋਲ, ਟੋਕੀਓ ਤੇ ਮੈਡਰਿਡ ਰਹਿ ਗਏ ਸਨ। ਇਨ੍ਹਾਂ ਵਿਚੋਂ ਟੋਕੀਓ ਦੀ ਚੋਣ ਕਰ ਲਈ ਗਈ। ਓਲੰਪਿਕ ਖੇਡਾਂ ਤੋਂ 7 ਸਾਲ ਪਹਿਲਾਂ ਓਲੰਪਿਕ ਖੇਡਾਂ `ਚ ਕਰਾਈਆਂ ਜਾਣ ਵਾਲੀਆਂ ਸਪੋਰਟਸ ਦੀ ਚੋਣ ਹੁੰਦੀ ਹੈ।
ਜਦੋਂ ਤਕ ਕਿਸੇ ਸ਼ਹਿਰ ਜਾਂ ਸਪੋਰਟ ਨੂੰ ਕੁਲ ਪਈਆਂ ਵੋਟਾਂ `ਚੋਂ ਅੱਧੋਂ ਵੱਧ ਵੋਟਾਂ ਨਾ ਮਿਲਣ ਉਦੋਂ ਤਕ ਉਹਦੀ ਚੋਣ ਨਹੀਂ ਹੋ ਸਕਦੀ। ਪਹਿਲੇ ਗੇੜ ਵਿਚ ਅਜਿਹਾ ਨਾ ਹੋ ਸਕੇ ਤਾਂ ਸਭ ਤੋਂ ਘੱਟ ਵੋਟਾਂ ਵਾਲੇ ਨੂੰ ਬਾਹਰ ਕਰ ਕੇ ਦੂਜਾ ਗੇੜ ਚਲਾਇਆ ਜਾਂਦਾ ਹੈ। ਫਿਰ ਵੀ ਅੱਧੋਂ ਵੱਧ ਵੋਟਾਂ ਨਾ ਮਿਲਣ ਤਾਂ ਤੀਜੇ ਗੇੜ ਦੀਆਂ ਵੋਟਾਂ ਪੁਆਈਆਂ ਜਾਂਦੀਆਂ ਹਨ। ਕਈ ਵਾਰ ਫੈਸਲਾ ਚੌਥੇ ਗੇੜ ਵਿਚ ਜਾ ਕੇ ਹੁੰਦਾ ਵੇਖਿਆ ਹੈ।
ਓਲੰਪਿਕ ਖੇਡਾਂ ਕਰਾਉਣ ਵਾਲੇ ਸੰਗਠਨ ਦਾ ਨਾਂ ਆਰਗੇਨਾਈਜੇਸ਼ਨ ਆਫ਼ ਓਲੰਪਿਕ ਗੇਮਜ਼ ਹੁੰਦੈ। ਇਸ ਨੇ ਆਪਣੇ ਦੇਸ਼ ਦੀ ਸਰਕਾਰ, ਐੱਨਓਸੀਜ਼ ਤੇ ਆਈਓਸੀ ਦੇ ਸਹਿਯੋਗ ਨਾਲ ਖੇਡਾਂ ਤੋੜ ਚੜ੍ਹਾਉਣੀਆਂ ਹੁੰਦੀਐਂ। ਖੇਡਾਂ ਲਈ ਢੁੱਕਵਾਂ ਸਥਾਨ ਚੁਣਿਆ ਜਾਂਦੈ, ਵੀਨੂੰ ਨਿਸ਼ਚਤ ਕੀਤੇ ਜਾਂਦੇ ਨੇ ਅਤੇ ਖੇਡ ਮੈਦਾਨ, ਖੇਡ ਭਵਨ ਤੇ ਸਟੇਡੀਅਮ ਨਵਿਆਏ ਜਾਂ ਨਵੇਂ ਬਣਾਏ ਜਾਂਦੇ ਨੇ। ਓਲੰਪਿਕ ਪਿੰਡ ਉਸਾਰਿਆ ਜਾਂਦੈ ਜਿਥੇ ਖਿਡਾਰੀ ਤੇ ਖੇਡ ਅਧਿਕਾਰੀ ਰਹਿੰਦੇ ਨੇ। ਖੇਡਾਂ 16 ਦਿਨ ਚਲਦੀਆਂ ਨੇ। ਅਜੋਕੀਆਂ ਓਲੰਪਿਕ ਖੇਡਾਂ ਵਿਚ ਓਲੰਪਿਕ ਪਿੰਡ `ਚ ਵੀਹ ਕੁ ਹਜ਼ਾਰ ਵਿਅਕਤੀਆਂ ਨੇ ਠਹਿਰਨਾ ਹੁੰਦੈ। ਉਥੇ ਕਲਚਰਲ ਪਰੋਗਰਾਮ ਵੀ ਹੁੰਦੇ ਨੇ। ਹਰੇਕ ਓਲੰਪਿਕਸ ਦਾ ਖ਼ਾਸ ਨਿਸ਼ਾਨ ਤੇ ਮਸਕਟ ਹੁੰਦੈ। ਓਲੰਪਿਕ ਖੇਡਾਂ ਦੀਆਂ ਰੀਤਾਂ ਰਸਮਾਂ ਹੁੰਦੀਆਂ। ਓਲਿੰਪੀਆ ਦੇ ਖੰਡਰਾਂ `ਚੋਂ ਅਗਨੀ ਪੈਦਾ ਕਰ ਕੇ ਓਲੰਪਿਕ ਮਿਸ਼ਾਲ ਹੱਥੋ-ਹੱਥੀ ਓਲੰਪਿਕ ਸਟੇਡੀਅਮ ਵਿਚ ਲਿਆਂਦੀ ਜਾਂਦੀ ਹੈ ਜਿਸ ਨਾਲ ਖੇਡਾਂ ਦੀ ਜੋਤ ਜਗਾਈ ਜਾਂਦੀ ਹੈ ਜੋ ਖੇਡਾਂ ਦੌਰਾਨ ਦਿਨ ਰਾਤ ਜਗਦੀ ਰਹਿੰਦੀ ਹੈ। ਸਮੂਹ ਖਿਡਾਰੀਆਂ ਦਾ ਮਾਰਚ ਪਾਸਟ ਹੁੰਦੈ, ਸਹੁੰ ਚੁੱਕੀ ਜਾਂਦੀ, ਓਲੰਪਿਕ ਝੰਡਾ ਝੁਲਾਇਆ ਜਾਂਦੈ, ਓਲੰਪਿਕ ਗਾਣ ਗਾਇਆ ਜਾਂਦਾ ਅਤੇ ਦੇਸ਼ ਦੇ ਰਾਜ ਪ੍ਰਮੁੱਖ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਂਦਾ ਹੈ।
ਵੱਖ-ਵੱਖ ਖੇਡਾਂ `ਚ ਭਾਗ ਲੈਣ ਲਈ ਸਪੋਰਟਸ ਦੀਆਂ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਆਪੋ ਆਪਣੀ ਖੇਡ ਦੇ ਓਲੰਪਿਕ ਸਟੈਂਡਰਡ ਨਿਸ਼ਚਤ ਕਰਦੀਆਂ ਹਨ ਤਾਂ ਜੋ ਮੁਕਾਬਲਿਆਂ ਲਈ ਖਿਡਾਰੀਆਂ ਦੀ ਗਿਣਤੀ ਸੀਮਤ ਰਹੇ। ਓਲੰਪਿਕ ਚਾਰਟਰ ਵਿਚ ਦਰਜ ਹੈ ਕਿ ਖਿਡਾਰੀਆਂ ਦੀ ਗਿਣਤੀ ਐਨੀ ਤੇ ਖੇਡ ਅਧਿਕਾਰੀਆਂ ਦੀ ਐਨੀ ਤੋਂ ਵੱਧ ਨਾ ਹੋਵੇ। ਕਿਸੇ ਕਾਰਨ ਕਿਸੇ ਸਪੋਰਟ ਨੂੰ ਪਹਿਲਾਂ ਉਲੀਕੇ ਹੋਏ ਸਪੋਰਟਸ ਪ੍ਰੋਗਰਾਮ ਵਿਚੋਂ ਹਟਾਉਣਾ ਹੋਵੇ ਤਾਂ ਇਹਦਾ ਅਧਿਕਾਰ ਆਈਓਸੀ ਦੇ ਸੈਸ਼ਨ ਨੂੰ ਹੈ ਜਦ ਕਿ ਸਪੋਰਟ ਦੇ ਡਿਸਿਪਲਿਨ ਜਾਂ ਈਵੈਂਟ ਨੂੰ ਕਾਰਜਕਾਰੀ ਬੋਰਡ `ਕੱਲਾ ਹਟਾ ਸਕਦਾ ਹੈ।
ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ ਤੇ ਯੋਗਤਾ ਬਾਰੇ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਜਾਂਦੀਐਂ। ਹਰ ਖਿਡਾਰੀ ਉਤੇ ਡੋਪ ਕੋਡ ਲਾਗੂ ਹੁੰਦੈ। ਆਈਓਸੀ ਦਾ ਮੈਡੀਕਲ ਕਮਿਸ਼ਨ ਖਿਡਾਰੀਆਂ ਦੀ ਸਿਹਤ ਦਾ ਖਿ਼ਆਲ ਰੱਖਦਿਆਂ ਸਮੇਂ-ਸਮੇਂ ਉਨ੍ਹਾਂ ਰਸਾਇਣਕ ਤੱਤਾਂ ਦੀ ਸੂਚੀ ਛਾਪਦਾ ਰਹਿੰਦੈ ਜਿਹੜੇ ਖਿਡਾਰੀਆਂ ਲਈ ਘਾਤਕ ਸਮਝੇ ਜਾਂਦੇ ਹਨ। ਜੇ ਕੋਈ ਖਿਡਾਰੀ ਉਨ੍ਹਾਂ ਤੱਤਾਂ ਦੀ ਡੋਪਿੰਗ ਕਰਦਾ ਹੋਵੇ ਤੇ ਵਾਡਾ ਦੇ ਡੋਪ ਟੈੱਸਟਾਂ ਵਿਚ ਦੋਸ਼ੀ ਪਾਇਆ ਜਾਵੇ ਤਾਂ ਉਸ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਹਨ। ਅਜਿਹੇ ਖਿਡਾਰੀਆਂ ਉਤੇ ਖੇਡਾਂ ਵਿਚ ਭਾਗ ਲੈਣ ਦੀ ਪਾਬੰਦੀ ਵੀ ਲੱਗ ਜਾਂਦੀ ਹੈ। ਖਿਡਾਰੀ ਝੂਠ ਬੋਲੇ ਜਾਂ ਗ਼ਲਤ ਇਲਜ਼ਾਮ ਲਗਾਵੇ ਤਾਂ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।
ਓਲੰਪਿਕ ਖੇਡਾਂ ਨੂੰ ਟੀਵੀ ਤੋਂ ਪ੍ਰਸਾਰਤ ਕਰਨ, ਇਸ਼ਤਿਹਾਰਬਾਜ਼ੀ, ਟਿਕਟਾਂ, ਓਲੰਪਿਕ ਨਿਸ਼ਾਨੀਆਂ, ਪ੍ਰਕਾਸ਼ਨਾਂ, ਓਲੰਪਿਕ ਮਸ਼ਾਲ ਦਾ ਸਫ਼ਰ, ਕਾਰਪੋਰੇਟ ਅਦਾਰਿਆਂ ਦੀ ਸਪਾਂਸਰਸਿ਼ਪ ਤੇ ਹੋਰ ਸਾਧਨਾਂ ਤੋਂ ਵੱਡੀ ਆਮਦਨ ਹੁੰਦੀ ਹੈ। ਕਿਸੇ ਝਗੜੇ ਝੇੜੇ, ਖਿਡਾਰੀਆਂ ਦਾ ਆਪਸ ਵਿਚ ਰਲ਼ ਕੇ ਖੇਡ ਜਾਣਾ ਜਾਂ ਰੈਫਰੀਆਂ, ਜੱਜਾਂ ਤੇ ਅੰਪਾਇਰਾਂ ਦੇ ਗ਼ਲਤ ਨਿਰਣੇ, ਫੈਡਰੇਸ਼ਨਾਂ ਤੇ ਓਲੰਪਿਕ ਐਸੋਸੀੲਸ਼ਨਾਂ ਆਦ ਦੇ ਬਿਖੇੜੇ ਨਿਬੇੜਣ ਲਈ ਓਲੰਪਿਕ ਦੀ ਕੋਰਟ ਆਫ਼ ਆਰਬਿਟਰੇਸ਼ਨ ਹੈ।

https://epaper.punjabitribuneonline.com/3172244/Punjabi-Tribune/PT-24-July-2021 /14/2

Want your school to be the top-listed School/college in Hoshiarpur?

Click here to claim your Sponsored Listing.

Location

Telephone

Website

Address


V Khera Mahilpur
Hoshiarpur