17/06/2026
ਪੰਜਾਬੀ ਸਾਹਿਤ ਸਭਾ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ਼ "ਦੋ ਪੁਸਤਕਾਂ ਦੋ ਸੰਵਾਦ" ਸਮਾਗਮ ਸਫ਼ਲਤਾ ਨਾਲ਼ ਸੰਪੰਨ:
ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ਼ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਕਰਵਾਇਆ "ਦੋ ਪੁਸਤਕਾਂ ਦੋ ਸੰਵਾਦ" ਸਮਾਗਮ ਸਫ਼ਲਤਾ ਨਾਲ਼ ਸੰਪੰਨ ਹੋਇਆ। ਸਮਾਗਮ ਦੀ ਪ੍ਰਧਾਨਗੀ ਸਾਹਿਤ ਸਭਾ ਦੇ ਮੀਤ ਪ੍ਰਧਾਨ ਸੁਰਿੰਦਰ ਕੰਗਵੀ ਨੇ ਕੀਤੀ। ਆਏ ਹੋਏ ਮਹਿਮਾਨਾਂ ਅਤੇ ਅਦੀਬਾਂ ਨੂੰ ਜੀ ਆਇਆਂ ਸ਼ਬਦ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਨੇ ਸਮਾਗਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਆਖੇ। ਉਨ੍ਹਾਂ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਅਤੇ ਲਗਾਤਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਾਰੇ ਜਾਂਦੇ ਹੰਭਲਿਆਂ ਸੰਬੰਧੀ ਤੁਆਰਫ਼ ਕਰਵਾਇਆ। ਪ੍ਰਧਾਨਗੀ ਮੰਡਲ ਨੇ ਬਚਿੱਤਰ ਸਿੰਘ ਹੁਸ਼ਿਆਰਪੁਰੀ ਦੀ ਪਲੇਠੀ ਪੁਸਤਕ 'ਸਾਹਿਤਕ ਗੁੱਲਦਸਤਾ' ਅਤੇ ਰਾਜ ਕੁਮਾਰ ਘਾਸੀਪੁਰੀਆ ਦਾ ਕਾਵਿ ਸੰਗ੍ਰਹਿ 'ਸਵਰਗ ਜਿਹਾ ਮੇਰਾ ਪਿੰਡ' ਦਾ ਲੋਕ ਅਰਪਣ ਕੀਤਾ। ਇਸ ਉਪਰੰਤ ਸਾਹਿਤਕ ਗੁਲਦਸਤਾ 'ਤੇ ਆਪਣਾ ਪਰਚਾ ਪੇਸ਼ ਕਰਦਿਆਂ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਨੇ ਕਿਹਾ ਕਿ ਬਚਿੱਤਰ ਸਿੰਘ ਨੇ ਇਸ ਪੁਸਤਕ ਵਿਚ ਆਪਣੇ ਪਿਤਾ ਦੀਆਂ ਬਹੁਤ ਆਹਲਾ ਵਾਰਤਕ ਟੁਕੜੀਆਂ ਦੇ ਨਾਲ਼ ਨਾਲ਼ ਆਪਣੀ ਸ਼ਾਇਰੀ ਦੇ ਰੰਗ ਵੀ ਭਰੇ ਹਨ। ਪੁਸਤਕ ਵਿਚਲੀ ਵਾਰਤਕ ਬੜੀ ਗੁੰਦਵੀਂ ਅਤੇ ਉਚ ਮਿਆਰੀ ਹੈ।ਦੂਜੀ ਪੁਸਤਕ 'ਸਵਰਗ ਜਿਹਾ ਮੇਰਾ ਪਿੰਡ' 'ਤੇ ਡਾ. ਸ਼ਮਸ਼ੇਰ ਮੋਹੀ ਨੇ ਆਪਣਾ ਆਲੋਚਨਾਤਮਕ ਪਰਚਾ ਪੇਸ਼ ਕਰਦਿਆਂ ਕਿਹਾ ਕਿ ਕਵੀ ਨੇ ਇਸ ਪੁਸਤਕ ਵਿਚ ਆਪਣੇ ਪਿੰਡ ਦੀਆਂ ਮਨ ਮਸਤਕ ਵਿਚ ਵਸਦੀਆਂ ਯਾਦਾਂ ਨੂੰ ਕਾਵਿਕ ਰੰਗ ਦਿੱਤਾ ਹੈ। ਕਵੀ ਦਾ ਪਿੰਡ ਸਮੁੱਚੇ ਦੁਆਬੇ ਦੇ ਪਿੰਡਾਂ ਦੇ ਸਭਿਆਚਾਰ ਦੀ ਪੇਸ਼ਕਾਰੀ ਕਰਦਾ ਹੈ। ਵਰਤ ਵਰਤਾਰੇ ਸਬੰਧੀ ਕਵੀ ਦੇ ਜਾਗਦੇ ਮੋਹ ਨੂੰ ਜੇਕਰ ਅਮਲੀ ਰੂਪ ਵਿਚ ਦੇਖਿਆ ਜਾਵੇ ਤਾਂ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੁੰਦੇ ਹਨ।ਇਸ ਮੌਕੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਸ੍ਰੀਮਤੀ ਅਮਰਜੀਤ ਕੌਰ ਨੇ ਦੋਹਾਂ ਲੇਖਕਾਂ ਨੂੰ ਵਧਾਈ ਦਿੰਦਿਆਂ ਹੁਸ਼ਿਆਰਪੁਰ ਦਫ਼ਤਰ ਵਿਖੇ ਗੁਜ਼ਾਰੇ ਪਲਾਂ ਨੂੰ ਵੀ ਸਾਂਝਿਆਂ ਕੀਤਾ। ਇਸ ਤੋਂ ਬਾਅਦ ਕਰਵਾਏ ਗਏ ਕਵੀ ਦਰਬਾਰ ਵਿਚ ਮਦਨ ਵੀਰਾ, ਸਤੀਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹੁਸ਼ਿਆਰਪੁਰ ਅਮਨਦੀਪ ਸ਼ਰਮਾ, ਜੱਸ ਸਰੋਆ, ਰਬਿੰਦਰ ਸ਼ਰਮਾ, ਪ੍ਰਿੰਸੀਪਲ ਗੁਰਦਿਆਲ ਸਿੰਘ ਫੁੱਲ, ਨਵਤੇਜ ਗੜ੍ਹਦੀਵਾਲਾ, ਧਰਮਪਾਲ ਸਾਹਿਲ, ਕੁਲਤਾਰ ਸਿੰਘ ਕੁਲਤਾਰ, ਰੈਪੀ ਰਾਜੀਵ, ਅਸ਼ੋਕ ਕੁਮਾਰ, ਬਲਜੀਤ ਕੌਰ ਝੂੱਟੀ, ਪ੍ਰਭਜੋਤ ਕੌਰ, ਦਰਸ਼ਨ ਸਿੰਘ ਦਰਸ਼ਨ, ਸ਼ਮਸ਼ੇਰ ਸਿੰਘ, ਸੁਭਾਸ਼ ਗੁਪਤਾ, ਰਜਿੰਦਰ ਸੱਚਦੇਵਾ, ਪ੍ਰਿੰਕਲ , ਅਵਤਾਰ ਸਿੰਘ, ਸ਼ਸ਼ੀ ਕੁਮਾਰ, ਮਹਿੰਦਰ ਝੱਮਟ, ਅਨੰਤਵੀਰ ਸਿੰਘ ਨੇ ਹਾਜ਼ਰੀ ਲਗਵਾਈ। ਭਾਸ਼ਾ ਵਿਭਾਗ ਵਲੋਂ ਚੇਤਨ ਸਿੰਘ, ਅਮਰਜੀਤ ਕੌਰ, ਬਚਿੱਤਰ ਸਿੰਘ ਅਤੇ ਰਾਜ ਕੁਮਾਰ ਘਾਸੀਪੁਰੀਆ ਦਾ ਲੋਈਆਂ ਅਤੇ ਪੁਸਤਕਾਂ ਦੇ ਸੈੱਟਾਂ ਨਾਲ਼ ਸਨਮਾਨ ਕੀਤਾ ਗਿਆ। ਪ੍ਰਧਾਨਗੀ ਭਾਸ਼ਣ ਸੁਰਿੰਦਰ ਕੰਗਵੀ ਨੇ ਆਪਣੀਆਂ ਭਾਵਪੂਰਤ ਟਿੱਪਣੀਆਂ ਨਾਲ਼ ਦਿੱਤਾ। ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਭਾਸ਼ਾ ਵਿਭਾਗ ਤੋਂ ਰਾਹੁਲ ਸੀਨੀਅਰ ਸਹਾਇਕ, ਲਾਲ ਸਿੰਘ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਸਨ।
08/06/2026
ਭਰ ਗਰਮੀ ਵਿੱਚ ਸਿਰਫ਼ ਠੰਢਾ ਹਵਾ ਦਾ ਬੁੱਲਾ ਹੀ ਰੂਹ ਨੂੰ ਨਹੀਂ ਠਾਰਦਾ, ਇਹ ਕੰਮ ਕੁਝ ਦੋਸਤਾਂ ਦੇ ਹਿੱਸੇ ਵੀ ਆਉਂਦਾ ਹੈ। ਡਾ. ਸ਼ਮਸ਼ੇਰ ਮੋਹੀ ਤੇ ਨਵਤੇਜ ਗੜ੍ਹਦੀਵਾਲਾ ਦੀ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਹੁਸ਼ਿਆਰਪੁਰ ਆਮਦ ਸਮੇਂ ਕੁਝ ਇਵੇਂ ਦਾ ਹੀ ਮਹਿਸੂਸ ਹੋਇਆ। ਸਾਹਿਤ ਤੇ ਸਮਾਜ ਦੀ ਚਿੰਤਾ ਤੇ ਚਿੰਤਨ ਦੇ ਪੰਨੇ ਪਲਟ ਹੋਣ ਲੱਗੇ। ਸ਼ਾਮ ਪੰਜ ਵਜੇ ਵੱਲ ਨੂੰ ਵਾਹੋ ਦਾਹੀ ਭੱਜੀ ਜਾ ਰਹੀ ਘੜੀ ਦੀ ਸੂਈ ਦੀ ਕੋਈ ਪ੍ਰਵਾਹ ਨਾ ਰਹੀ ਇਸ ਸੰਵਾਦ ਦਾ ਅੰਗ ਬਣਿਆਂ। ਕੀ ਪੜ੍ਹਿਆ, ਕੀ ਪੜ੍ਹਿਆ ਜਾ ਰਿਹਾ ਅਤੇ ਕੀ ਲਿਖਿਆ ਕੀ ਲਿਖਿਆ ਜਾ ਰਿਹਾ ਦੇ ਵਾਰਤਾਲਾਪ ਨੇ ਸਵੈ ਨੂੰ ਝੰਜੋੜਿਆ ਕੁਝ ਕਰ ਗੁਜ਼ਰਨ ਲਈ। ਦੋਵਾਂ ਦੋਸਤਾਂ ਨੇ ਭਾਸ਼ਾ ਵਿਭਾਗ ਤੋਂ ਪੁਸਤਕਾਂ ਦੀ ਖਰੀਦ ਵੀ ਕੀਤੀ। ਇਹ ਦਿਨ ਇਨ੍ਹਾਂ ਦੋਸਤਾਂ ਦੇ ਨਾਂ ਰਿਹਾ।
ਬਹੁਤ ਸਾਰੀ ਮੁਹੱਬਤ ਵੱਡੇ ਭਾਅ ਮੋਹੀ ਤੇ ਨਵਤੇਜ...
18/05/2026
ਭਾਸ਼ਾ ਵਿਭਾਗ ਦੇ ਰਸਾਲੇ ਜਨ ਸਾਹਿਤ ਦੇ ਵਿਸ਼ੇਸ਼ ਅੰਕ ਅਕਤੂਬਰ - ਦਸੰਬਰ, 2026 ਲਈ 'ਜੰਗ ਵਿਰੋਧੀ ਰਚਨਾਵਾਂ' ਦੀ ਮੰਗ...
08/05/2026
ਅਦਾਰਾ ਕੋਹਿਨੂਰ ਟਾਈਮਜ਼ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਮੁਸ਼ਾਇਰਾ ਮੀਡੀਆ ਦੀ ਜ਼ੁਬਾਨੀ...
06/05/2026
ਅਦਾਰਾ ਕੋਹਿਨੂਰ ਟਾਇਮਜ਼ ਵੱਲੋਂ ਦਫ਼ਤਰ ਭਾਸ਼ਾ ਵਿਭਾਗ ਵਿਖੇ ਸ਼ਾਨਦਾਰ ਮੁਸ਼ਾਇਰਾ-
ਅਦਾਰਾ ਕੋਹਿਨੂਰ ਟਾਇਮਜ਼ ਵੱਲੋਂ ਪਹਿਲਾ ਸਨਮਾਨ ਡਾ. ਜਸਵੰਤ ਰਾਏ ਦੇ ਨਾਂ-
ਅਦਾਰਾ ਕੋਹਿਨੂਰ ਟਾਇਮਜ਼ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪ੍ਰਬੰਧਕੀ ਕੰਪਲੈਕਸ ਭਾਸ਼ਾ ਵਿਭਾਗ ਦੇ ਦਫ਼ਤਰ ਵਿਖੇ ਸ਼ਾਨਦਾਰ ਮੁਸ਼ਾਇਰਾ ਕਰਵਾਇਆ ਗਿਆ ਜਿਸ ਵਿੱਚ ਹੁਸ਼ਿਆਰਪੁਰ ਦੇ ਨਾਮਵਰ ਸ਼ਾਇਰਾਂ ਤੋਂ ਇਲਾਵਾ ਜ਼ਿਲ੍ਹਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰਾਂ ਨੇ ਵੀ ਹਿੱਸਾ ਲਿਆ। ਸਮਾਗਮ ਦੀ ਪ੍ਰਧਾਨਗੀ ਮਹਿੰਦਰ ਝੱਮਟ, ਪਵਨ ਫੰਬੀਆਂ, ਗੁਰਦੀਪ ਸੈਣੀ ਅਤੇ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਕੀਤੀ। ਆਏ ਹੋਏ ਸ਼ਾਇਰਾਂ ਲਈ ਜੀ ਆਇਆਂ ਸ਼ਬਦ ਆਖਦਿਆਂ ਮਹਿੰਦਰ ਝੱਮਟ ਨੇ ਕਿਹਾ ਕਿ ਅਦਾਰਾ ਕੋਹਿਨੂਰ ਟਾਇਮਜ਼ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਤ੍ਰੈ-ਮਾਸਿਕ ਕਵੀ ਦਰਬਾਰਾਂ ਦੀ ਲੜੀ ਤਹਿਤ ਇਹ ਪਲੇਠਾ ਸਮਾਗਮ ਕਰਵਾ ਰਿਹਾ ਹੈ। ਵੱਖ-ਵੱਖ ਥਾਵਾਂ 'ਤੇ ਅਤੇ ਅਲੱਗ-ਅਲੱਗ ਕਵੀਆਂ ਨੂੰ ਲੈ ਕੇ ਸਮਾਗਮਾਂ ਦੀ ਇਹ ਲੜੀ ਬਾਦਸਤੂਰ ਜਾਰੀ ਰਹੇਗੀ। ਅਦਾਰੇ ਵੱਲੋਂ ਹਰ ਸਮਾਗਮ ਸਮੇਂ ਇੱਕ ਸਾਹਿਤਕਾਰ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਸ ਵਿੱਚ ਅੱਜ ਪਹਿਲੇ ਸਨਮਾਨ ਦਾ ਅਗਾਜ਼ ਡਾ. ਜਸਵੰਤ ਰਾਏ ਖੋਜ ਅਫ਼ਸਰ ਨੂੰ ਉਨ੍ਹਾਂ ਦੀਆਂ ਲਿਖਤਾਂ ਅਤੇ ਖੋਜ ਕਾਰਜਾਂ ਨੂੰ ਦੇਖਦਿਆਂ ਸਨਮਾਨਿਤ ਕਰਕੇ ਕੀਤਾ ਜਾ ਰਿਹਾ ਹੈ।ਇਸ ਸਮੇਂ ਕਰਵਾਏ ਮੁਸ਼ਾਇਰੇ ਵਿੱਚ ਹਾਜ਼ਰ ਕਵੀਆਂ ਹਰਜਿੰਦਰ ਸਿੰਘ ਜਿੰਦੀ ਜਲੰਧਰ, ਦੀਪ ਜਗਤਪੁਰੀ ਸ਼ਹੀਦ ਭਗਤ ਸਿੰਘ ਨਗਰ, ਕਮਲ ਨਯਨ, ਰਵੀ ਸਿੰਘ, ਰਮਣੀਕ ਸਿੰਘ ਘੁੰਮਣ, ਬਲਵਿੰਦਰ ਕੌਰ ਲਗਾਣਾ, ਰਣਜੀਤ ਪੋਸੀ, ਸੋਢੀ ਸੱਤੋਵਾਲੀ, ਡਾ. ਪੀ.ਕੇ. ਚੌਹਾਨ, ਹਰਦਿਆਲ ਹੁਸ਼ਿਆਰਪੁਰੀ, ਤੀਰਥ ਚੰਦ ਸਰੋਆ, ਰਾਜੀਵ ਰੈਂਪੀ. ਰਜਿੰਦਰਪਾਲ ਸਿੰਘ ਸਫ਼ਰੀ, ਹਰਪ੍ਰੀਤ ਸਿੰਘ ਸਫ਼ਰੀ, ਮਨਦੀਪ ਸਿੰਘ, ਲਾਲੀ ਕਰਤਾਰਪੁਰੀਆ, ਗੁਰਦੀਪ ਸਿੰਘ ਸੈਣੀ, ਲੈਕਚਰਾਰ ਜਸਵਿੰਦਰ ਸਿੰਘ ਜੱਸੀ, ਮਹਿੰਦਰ ਝੱਮਟ ਨੇ ਵੱਖਰੇ ਅੰਦਾਜ਼ ਅਤੇ ਤਰੰਨੁਮ 'ਚ ਨਜ਼ਮਾਂ ਸੁਣਾ ਕੇ ਮਾਹੌਲ ਨੂੰ ਸਰਸ਼ਾਰ ਕਰ ਦਿੱਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਦੇ ਵਿਹੜੇ ਆਏ ਹੋਏ ਸਾਰੇ ਸ਼ਾਇਰਾਂ ਦਾ ਇਸਤਕਬਾਲ ਕੀਤਾ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ। ਲੇਖਕ ਭਾਸ਼ਾ ਵਿਭਾਗ ਦੇ ਛਪ ਰਹੇ ਰਸਾਲੇ ਜਨ ਸਾਹਿਤ, ਪੰਜਾਬੀ ਦੁਨੀਆ, ਪੰਜਾਬ ਸੌਰਭ ਅਤੇ ਪ੍ਰਵਾਜ਼-ਏ-ਅਦਬ ਲਗਵਾ ਵੀ ਸਕਦੇ ਹਨ ਅਤੇ ਇਨ੍ਹਾਂ ਨੂੰ ਅਪਣੀਆਂ ਸੱਜਰੀਆਂ ਅਣਛਪੀਆਂ ਰਚਨਾਵਾਂ ਵੀ ਭੇਜ ਸਕਦੇ ਹਨ। ਉਨ੍ਹਾਂ ਪੇਸ਼ ਰਚਨਾਵਾਂ 'ਤੇ ਆਪਣੀਆਂ ਭਾਵਪੂਰਤ ਟਿੱਪਣੀਆਂ ਦਿੰਦਿਆਂ ਅਦਾਰਾ ਕੋਹਿਨੂਰ ਟਾਇਮਜ਼ ਵੱਲੋਂ ਕੀਤੇ ਸਮਾਗਮ ਅਤੇ ਸਨਮਾਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਅਦਾਰਾ ਟਾਇਮਜ਼ ਵੱਲੋਂ ਹਾਜ਼ਰ ਕਵੀਆਂ ਦਾ ਮੋਮੈਂਟੋ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਨੂੰ ਸ਼ਾਇਰ ਜਸਵਿੰਦਰ ਜੱਸੀ ਨੇ ਬਾਖ਼ੂਬੀ ਨਿਭਾਇਆ। ਇਸ ਸਮੇਂ ਕਵੀਆਂ, ਸਾਹਿਤ ਪ੍ਰੇਮੀਆਂ ਤੋਂ ਇਲਾਵਾ ਲਾਲ ਸਿੰਘ, ਪੁਸ਼ਪਾ ਰਾਣੀ ਆਦਿ ਹਾਜ਼ਰ ਸਨ।
05/05/2026
"ਸੋਸ਼ਲ ਮੀਡੀਆ ਦੇ ਯੁੱਗ ਵਿਚ ਅਜੋਕੀ ਪੱਤਰਕਾਰੀ ਦੀ ਮੌਜੂਦਾ ਸਥਿਤੀ ਅਤੇ ਸਮਾਜਿਕ ਪ੍ਰਭਾਵ ਵਿਸ਼ੇ" 'ਤੇ 'ਦ ਵਰਕਿੰਗ ਰਿਪੋਰਟਜ਼ ਐਸੋਸੀਏਸ਼ਨ ਪੰਜਾਬ, ਇੰਡੀਆ' ਵੱਲੋਂ ਰੱਖੇ ਸਮਾਗਮ ਵਿੱਚ ਪੰਜਾਬੀ ਭਾਸ਼ਾ 'ਤੇ ਪਕਿਆਈ ਵਾਲੀ ਮੁਹਾਰਤ ਹਾਸਲ ਤੇ ਤਜਰਬੇਕਾਰ ਪੱਤਰਕਾਰ ਜਤਿੰਦਰ ਪੰਨੂ ਹੁਰਾਂ ਨਾਲ਼ ਮੰਚ ਹਾਸਲ ਕਰਨ ਅਤੇ ਭਾਸ਼ਾ ਵਿਭਾਗ ਵੱਲੋਂ ਵਿਚਾਰ ਵਿਅਕਤ ਕਰਨ ਦਾ ਮੌਕਾ ਮਿਲਿਆ।
ਸਮਾਗਮ ਤੋਂ ਪਹਿਲਾਂ ਪੰਨੂ ਹੁਰਾਂ ਨਾਲ਼ ਸਾਹਿਤਕ ਤੇ ਸਮਾਜਿਕ ਵਿਸ਼ਿਆਂ 'ਤੇ ਗੁਫ਼ਤਗੂ ਨਾਲ਼ ਕਾਫ਼ੀ ਕੁਝ ਹਾਸਲ ਹੋਇਆ।
ਧੰਨਵਾਦ ਐਸੋਸੀਏਸ਼ਨ ਦਾ ਇਸ ਸਫ਼ਲ ਅਤੇ ਸ਼ਾਨਦਾਰ ਸਮਾਗਮ ਲਈ।
24/04/2026
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵੱਲੋਂ ਉਰਦੂ ਆਮੋਜ਼ ਪ੍ਰੀਖਿਆ ਦਸੰਬਰ, 2025 ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਮੁਹੱਈਆ ਕਰਵਾਏ ਗਏ ਅਤੇ ਵਿਦਾਇਗੀ ਪਾਰਟੀ ਦਿੱਤੀ ਗਈ...
20/04/2026
ਸਤਿਕਾਰਯੋਗ ਦੋਸਤੋ,
ਭਾਰਤ ਸਰਕਾਰ ਵੱਲੋਂ ‘ਗਿਆਨ ਭਾਰਤਮ ਮਿਸ਼ਨ’ ਤਹਿਤ ਵੱਖ-ਵੱਖ ਥਾਵਾਂ ’ਤੇ ਮੌਜੂਦ ਸਾਂਭਣਯੋਗ ਪੁਰਾਣੀਆਂ ਹੱਥ ਲਿਖਤਾਂ (manuscripts) ਨੂੰ ਖੋਜਣ, ਸਨਮਾਨ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦਾ ਸੁਹਿਰਦ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜੇਕਰ ਤੁਹਾਡੇ ਧਿਆਨ ਵਿੱਚ ਕਿਸੇ ਜਗ੍ਹਾ ਕੋਈ ਅਜਿਹੀ ਵਿਰਾਸਤੀ ਪੂੰਜੀ ਮੌਜੂਦ ਹੋਵੇ ਤਾਂ ਉਸ ਬਾਰੇ ਕਿਰਪਾ ਕਰਕੇ ਮੇਰੇ ਹੇਠ ਦਿੱਤੇ ਮੋਬਾਈਲ ਨੰਬਰ ’ਤੇ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ।
ਮੋਬਾਇਲ ਨੰਬਰ: 98158-25999