30/12/2025
*ਕਮਿਊਨਿਸਟ ਪਾਰਟੀ ਦਾ ਮੁੱਢ ਕਿਵੇਂ ਬੱਝਾ*
ਕਮਿਊਨਿਸਟ ਕਾਨਫਰੰਸ - ਭਾਈ ਸੰਤੋਖ ਸਿੰਘ ਕਿਰਤੀ
ਇਹ ਸਮਾਗਮ 26 ਦਸੰਬਰ (1925 ਈ : -ਸੰ.) ਨੂੰ ਹੋਇਆ। ਇਸ ਸਮਾਗਮ ਦੀ ਸਵਾਗਤੀ ਕਮੇਟੀ ਦੇ ਪ੍ਰਧਾਨ, ਮੁਲਾਨਾ ਹਸਰਤ ਮੁਹਾਨੀ ਜੀ ਸਨ ਅਤੇ ਸਮਾਗਮ ਦੇ ਪ੍ਰਧਾਨ ਮਿਸਟਰ ਸਿਨਗਰਾ ਵੇਲੁ ਜੀ ਸਨ। ਇਸ ਸਮਾਗਮ ਦੀ ਕਾਰਵਾਈ ਦਾ ਜਾਸਤੀ ਧਿਆਨਯੋਗ ਕੰਮ ਇਨ੍ਹਾਂ ਦੋ ਭਾਈਆਂ ਦੇ ਲੈਕਚਰ ਹਨ। ਇਸ ਕਾਨਫਰੰਸ ਵਿੱਚ ਡੈਲੀਗੇਟਾਂ ਦੀ ਗਿਣਤੀ ਅਖ਼ਬਾਰੀ ਰੀਪੋਰਟਾਂ ਅਨੁਸਾਰ ਤਿੰਨ ਸੌ ਸੀ। ਸਮਾਗਮ ਵਿੱਚ ਹਾਜ਼ਰੀ ਜਾਸਤੀ ਕਿਸਾਨਾਂ ਮਜ਼ਦੂਰਾਂ ਦੀ ਸੀ ਅਤੇ ਸਾਰੀ ਗਿਣਤੀ ਥੋੜ੍ਹੀ ਨਹੀਂ ਸੀ।
ਮੁਲਾਨਾ ਹਸਰਤ ਮੁਹਾਨੀ ਦੇ ਲੈਕਚਰ ਦੀ "ਐਸੋਸੀਏਟਿਡ ਪ੍ਰੈਸ” ਦੀ ਰੀਪੋਰਟ ਦਾ ਸਾਰ ਇਹ ਹੈ-ਲੋਕ ਆਮ ਤੌਰ 'ਤੇ ਇਸ ਦੇ ਅਸੂਲਾਂ ਦੇ ਹਮਦਰਦ ਹਨ। ਪਰੰਤੂ, ਇਸ ਸੰਬੰਧੀ ਕਈ ਗਲਤਫਹਿਮੀਆਂ ਪ੍ਰਚਲਤ ਹਨ ਜਿਸ ਕਰਕੇ ਕਮਜ਼ੋਰ ਸੁਭਾ ਵਾਲੇ ਲੋਕ ਇਸ ਦੇ ਨਾਮ ਤੋਂ ਡਰਦੇ ਹਨ ਅਤੇ ਗ਼ਲਤਫਹਿਮੀਆਂ ਸਰਮਾਏਦਾਰ ਜਮਾਤ ਨੇ ਅਤੇ ਹੋਰ ਵਿਰੋਧੀਆਂ ਨੇ ਜਾਣ ਬੁੱਝਕੇ ਪ੍ਰਚਲਤ ਕੀਤੀਆਂ ਹੋਈਆਂ ਹਨ। ਕਈਆਂ ਦੇ ਦਿਲਾਂ ਵਿੱਚ ਇਹ ਖਿਆਲ ਬੈਠਾ ਹੋਇਆ ਹੈ ਕਿ ਕਮਿਊਨਿਸਟ ਖੂਨ-ਖਰਾਬੇ ਦੇ ਹੱਕ ਵਿੱਚ ਹਨ ਅਤੇ ਇਸ ਗਲਤਫਹਿਮੀ ਦੀ ਬੁਨਿਆਦ ਵਿੱਚ ਸਿਰਫ਼ ਇਤਨੀ ਗੱਲ ਹੈ ਕਿ ਕਮਿਊਨਿਸਟ ਸ਼ਾਂਤਮਈ ਨੂੰ ਸਰਬ ਕਾਲ ਵਾਸਤੇ ਆਪਣਾ ਅਸੂਲ ਨਹੀਂ ਮੰਨਦੇ ਅਤੇ ਸਿਰਫ਼ ਸਮੇਂ ਦੀ ਲੋੜ ਪੂਰੀ ਕਰਨ ਵਾਲਾ ਇਕ ਚੰਗਾ ਢੰਗ ਸਮਝਦੇ ਹਨ।
ਕਈ ਆਦਮੀ ਝੂਠ ਮੂਠ ਇਹ ਕਹਿੰਦੇ ਹਨ ਕਿ ਕਮਿਊਨਿਸਟਾਂ ਦਾ ਇਹ ਅਸਲਾ ਹੈ ਕਿ ਜੋ ਚੀਜ਼ ਤੇਰੀ ਹੈ, ਉਹ ਮੇਰੀ ਹੈ। ਅਸਲੀਅਤ ਇਹ ਹੈ . ਕਮਿਊਨਿਸਟ ਮਲਕੀਅਤ ਵਾਲੀਆਂ ਵਸਤਾਂ ਨੂੰ ਦੋ ਭਾਗਾਂ ਵਿੱਚ ਵੰਡਦੇ ਹਨ। ਇਕ ਜ਼ਾਤੀ (ਸ਼ਖ਼ਸੀ) ਮਲਕੀਅਤ ਵਾਲੀਆਂ ਵਸਤਾਂ, ਮਿਸਾਲ ਦੇ ਤੌਰ ਉਤੇ ਛਾਤਾ, ਬਰਤਨ, ਬਿਸਤਰਾ। ਦੂਜੀਆਂ ਅੱਡਰੀ ਮਲਕੀਅਤ ਦੇ ਨਾਮ ਹੇਠ ਆਉਣ ਵਾਲੀਆਂ ਵਸਤਾਂ ਮਸਲਨ (ਉਦਾਹਰਣ ਵਜੋਂ) ਜ਼ਮੀਨ ਤੇ ਕਾਰਖਾਨੇ।
ਕਮਿਊਨਿਸਟ ਅਸੂਲ ਸਿਰਫ਼ ਅੱਡਰੀ ਮਲਕੀਅਤ ਨਾਲ ਵਾਸਤਾ ਰੱਖਦੇ ਹਨ ਅਤੇ ਸ਼ਖ਼ਸੀ ਮਲਕੀਅਤ ਨਾਲ ਕੋਈ ਵਾਸਤਾ ਨਹੀਂ ਰੱਖਦੇ। ਕਮਿਊਨਿਸਟਾਂ ਦੇ ਉਦੇਸ਼ ਅਤੇ ਆਦਰਸ਼ ਇਹ ਹਨ-ਸਭ ਵਾਜਬ ਵਸੀਲਿਆਂ ਨਾਲ ਪੂਰਨ ਸਵੈਧੀਨਤਾ ਕਾਇਮ ਕਰਨੀ। ਸਵੈਰਾਜ ਕਾਇਮ ਕਰਕੇ ਇਹ ਖ਼ਿਆਲ ਰੱਖਣਾ ਕਿ ਸਵੈਰਾਜ ਛੋਟੀਆਂ ਸਥਾਨਕ ਪੰਚਾਇਤਾਂ ਦੀ ਨੀਂਹ ਉਤੇ ਉਸਾਰਿਆ ਹੋਇਆ ਪੰਚਾਇਤੀ ਰਾਜ ਹੋਵੇ ਜਿਸ ਵਿੱਚ ਕਮਿਊਨਿਜ਼ਮ ਦੇ ਸਾਰੇ ਅਸੂਲ ਵਰਤੋਂ ਵਿੱਚ ਲਿਆਂਦੇ ਜਾਣ। ਸਵੈਰਾਜ ਕਾਇਮ ਕੀਤੇ ਜਾਣ ਤੋਂ ਪਹਿਲਾਂ ਕਿਰਸਾਨਾਂ ਅਤੇ ਮਜ਼ਦੂਰਾਂ ਦੀ ਸੁਤੰਤਰਤਾ ਅਤੇ ਖੁਸ਼ਹਾਲੀ ਵਾਸਤੇ ਕੰਮ ਕਰਨਾ ਹਰ ਸੰਭਵ ਤਰੀਕੇ ਨਾਲ ਅਤੇ ਇਸ ਕੰਮ ਸੰਬੰਧੀ ਸਭਨਾਂ ਪੋਲੀਟੀਕਲ ਪਾਰਟੀਆਂ ਪਾਸੋਂ ਮੱਦਦ ਲੈਣੀ, ਦੇਣੀ। ਕਮਿਊਨਨਿਜ਼ਮ ਦੇ ਅਸੂਲਾਂ ਦਾ ਪ੍ਰਚਾਰ ਕਰਨ ਦਾ ਇੰਤਜ਼ਾਮ ਕਰਨਾ ਅਤੇ ਖਲਕਤ ਦੀ ਆਮ ਰਾਏ ਇਨ੍ਹਾਂ ਦੇ ਹੱਕ ਵਿੱਚ ਲਿਆਉਣੀ ਤਾਂ ਕਿ ਸਵੈਰਾਜ ਕਾਇਮ ਕੀਤੇ ਜਾਣ ਦੇ ਨਾਲ ਹੀ ਇਹ ਵਰਤੋਂ ਵਿੱਚ ਲਿਆਂਦੇ ਜਾ ਸਕਣ।
ਹਿੰਦੁਸਤਾਨੀ ਕਮਿਊਨਿਸਟਾਂ ਦੀ ਜਥੇਬੰਦੀ ਨਿਰੋਲ ਹਿੰਦੁਸਤਾਨੀ ਹੈ ਅਤੇ ਇਹ ਦੱਸਣਾ ਜ਼ਰੂਰੀ ਹੈ ਕਿ ਹਾਲੀ ਕਮਿਊਨਿਸਟ ਪਾਰਟੀ ਦਾ ਕੰਮ ਹਿੰਦੁਸਤਾਨ ਵਿੱਚ ਹੀ ਮਹਿਦੂਦ (ਸੀਮਤ) ਰੱਖਿਆ ਜਾਵੇਗਾ। ਦੂਸਰੇ ਦੇਸ਼ਾਂ ਦੀਆਂ ਐਸੀਆਂ ਪਾਰਟੀਆਂ ਨਾਲ ਆਮ ਕਰਕੇ ਅਤੇ ਤੀਸਰੀ ਇੰਟਰਨੈਸ਼ਨਲ ਸਭਾ ਨਾਲ ਖਾਸ ਕਰਕੇ ਸਾਡਾ ਵਾਸਤਾ ਸਿਰਫ਼ ਹਮਦਰਦੀ ਅਤੇ ਚਿਤ ਦੁਆਰਾ ਨੇੜ ਦਾ ਹੈ। ਹਿੰਦੁਸਤਾਨੀ ਕਮਿਊਨਿਸਟ ਆਪਣੇ ਰਸਤੇ ਉਤੇ ਚਲ ਰਹੇ ਸਾਥੀ ਮੁਸਾਫਰ ਹਨ, ਉਨ੍ਹਾਂ ਦੇ ਮਾਤਹਿਤ ਨਹੀਂ ਹਨ। ਨਾ ਹੀ ਹਿੰਦੁਸਤਾਨੀ ਕਮਿਊਨਿਸਟ ਉਨ੍ਹਾਂ ਨੂੰ ਕੋਈ ਅਮਲੀ ਮਦਦ ਦਿੰਦੇ ਹਨ ਅਤੇ ਨਾ ਉਹ ਇਨ੍ਹਾਂ ਨੂੰ ਕੋਈ ਮਾਲੀ ਮਦਦ ਦਿੰਦੇ ਹਨ।
ਕੁਝ ਬੁਰਾ ਚਿਤਵਣ ਵਾਲੇ ਲੋਕ ਕਮਿਊਨਿਜ਼ਮ ਦੇ ਜਿੰਮੇ ਇਹ ਤੋਹਮਤ ਲਾਉਂਦੇ ਹਨ ਕਿ ਇਹ ਹਰ ਇਕ ਧਰਮ ਦੀ ਵਿਰੋਧੀ ਤਹਿਰੀਕ ਹੈ। ਅਸਲੀਅਤ ਇਹ ਹੈ ਕਿ ਕਮਿਊਨਿਸਟ ਮਤ ਦੇ ਸਵਾਲਾਂ ਵਿੱਚ ਜਾਸਤੀ ਤੋਂ ਜਾਸਤੀ ਨਿਰਲੇਪਤਾ ਦੀ ਆਗਿਆ ਦਿੰਦੇ ਹਨ। ਕਮਿਊਨਿਸਟ ਪਾਰਟੀ ਵਿੱਚ ਕੋਈ ਵੀ ਕਿਸੇ ਮਤ ਵਾਲਾ ਜਾਂ ਕਿਸੇ ਵੀ ਮੱਤ ਨੂੰ ਨਾ ਮੰਨਣ ਵਾਲਾ ਆਵੇ, ਸਭ ਪ੍ਰਵਾਨ ਹਨ। ਕਈ ਮੁਸਲਮਾਨ ਆਗੂ ਇਹ ਗਲਤ ਗੱਲ ਕਹਿੰਦੇ ਹਨ ਕਿ ਕਮਿਊਨਿਜ਼ਮ ਦੀਨ ਇਸਲਾਮ ਦੇ ਵਿਰੁੱਧ ਹੈ। ਅਸਲੀਅਤ ਇਹ ਹੈ ਕਿ ਇਸਲਾਮ ਵਿੱਚ ਸਰਮਾਏਦਾਰੀ ਦੀ ਵਿਰੋਧਤਾ ਉਸ ਹੱਦ ਤੱਕ ਹੈ, ਜਿਥੋਂ ਤੱਕ ਕਮਿਊਨਿਸਟਾਂ ਦੀ ਹੈ। ਜ਼ਕਾਤ (ਕਮਾਈ ਦਾ ਚਾਲ੍ਹੀਵਾਂ ਹਿੱਸਾ ਦਾਨ ਦੇਣਾ) ਦਾ ਹੁਕਮ ਇਸੇ ਵਾਸਤੇ ਹੈ ਕਿ ਜਦ ਤਕ ਇਕ ਜੀਵ ਵੀ ਭੁੱਖਾ ਬਾਕੀ ਹੈ ਤਦ ਤਕ ਸਰਮਾਏਦਾਰਾਂ ਨੂੰ ਕੋਈ ਹੱਕ ਨਹੀਂ ਕਿ ਕੋਈ ਵਿਹਾਰ ਤੋਰਨ। ਕੁਰਾਨ ਸ਼ਰੀਫ ਵਿੱਚ ਨਿਮਾਜ਼ ਤੋਂ ਦੂਏ ਦਰਜੇ ਜ਼ੋਰ ਜ਼ਕਾਤ ਉੱਤੇ ਦਿੱਤਾ ਹੈ ਅਤੇ ਜੋ ਜ਼ਕਾਤ ਤੋਂ ਇਨਕਾਰ ਕਰਨ, ਉਨ੍ਹਾਂ ਦੇ ਵਿਰੁੱਧ 'ਜਹਾਦ' ਦਾ ਹੁਕਮ ਹੈ। ਵਿਆਜ ਦੀ ਮਨਾਹੀ ਦਾ ਕਾਰਨ ਇਹੋ ਹੀ ਹੋ ਸਕਦਾ ਹੈ ਕਿ ਵਿਆਜੜੀਏ ਕੋਈ ਕਾਰ ਕੀਤੇ ਬਿਨਾਂ ਹੀ ਮੁਨਾਫਾ ਲੈਂਦੇ ਹਨ ਅਤੇ ਇਹ ਗੱਲ ਇਸਲਾਮ ਦੇ ਅਸੂਲਾਂ ਦੇ ਇਤਨੀ ਹੀ ਵਿਰੁੱਧ ਹੈ ਜਿਤਨੀ ਕਮਿਊਨਿਜ਼ਮ ਦੇ ਵਿਰੁੱਧ ਹੈ।
ਮਿ: ਸਿਨਗਰਾ ਵੇਲੂ ਦੇ ਲੈਕਚਰ ਵਿੱਚ ਜਾਸਤੀ ਕੁਝ ਉਹੋ ਹੀ ਹੈ ਜੋ ਕੁਝ ਮੁਲਾਨਾ ਹਸਰਤ ਮੁਹਾਨੀ ਦੇ ਲੈਕਚਰ ਵਿੱਚ ਹੈ ਅਤੇ ਕੁਝ ਵਾਧੂ ਨੁਕਤੇ ਇਹ ਹਨ ਜੋ ਕਿ ‘ਫਾਰਵਰਡ' ਵਿੱਚ ਛਪੀ ਰਿਪੋਰਟ ਵਿੱਚੋਂ ਲਏ ਗਏ ਹਨ :-
"ਜਿਸ ਤਰ੍ਹਾਂ ਕਮਿਊਨਿਸਟਾਂ ਨੂੰ ਹੋਰ ਦੇਸ਼ਾਂ ਵਿੱਚ ਅਤੇ ਇਸ ਦੇਸ਼ ਵਿੱਚ ਸਤਾਇਆ ਜਾ ਰਿਹਾ ਹੈ, ਇਸ ਤੋਂ ਕਮਿਊਨਿਸਟਾਂ ਨੂੰ ਇਹ ਵਿਚਾਰ ਲੈਣਾ ਚਾਹੀਦਾ ਹੈ ਕਿ ਕਮਿਊਨਿਸਟਾਂ ਦੀ ਤਹਿਰੀਕ ਨੂੰ ਹਕੂਮਤ ਕਰਨ ਵਾਲੀਆਂ ਸ਼ਰੇਣੀਆਂ ਸਹਾਈ ਨਹੀਂ ਸਮਝਦੀਆਂ ਅਤੇ ਇਸ ਦਾ ਭਾਵ ਗਲਤ ਕੱਢਦੀਆਂ ਹਨ।
ਕਮਿਊਨਿਸਟਾਂ ਪਾਸ ਉੱਤਰ ਇਕ ਹੀ ਹੈ ਜੋ ਦੁਨੀਆਂ ਦੇ ਮਹਾਨ ਪੁਰਸ਼ਾਂ ਵਿੱਚੋਂ ਇਕ ਨੇ ਅਥਵਾ ਮਹਾਤਮਾ ਈਸਾ ਨੇ ਕੈਲਵਰੀ ਪਹਾੜੀ ਉੱਤੇ ਅਥਵਾ ਸੂਲੀ 'ਤੇ ਸ਼ਹੀਦ ਹੋਣ ਵੇਲੇ ਦਿੱਤਾ ਸੀ: “ਉਹ ਤੁਹਾਨੂੰ ਪਤਾ ਨਹੀਂ ਤੁਸੀਂ ਕੀ ਕਰ ਰਹੇ ਹੋ?" ਇਹ ਬਦਨਸੀਬੀ ਹੈ ਕਿ ਹਰ ਕਿਸਮ ਦੇ ਸੁਧਾਰ ਦੇ ਆਗੂਆਂ ਨੂੰ ਆਪਣੇ ਵਿਚਾਰ, ਖ਼ਿਆਲ ਅਤੇ ਕੰਮਾਂ ਵਾਸਤੇ ਦੁੱਖ ਉਠਾਉਣੇ ਪੈਂਦੇ ਹਨ। ਪਰੰਤੂ, ਜਿਵੇਂ-ਜਿਵੇਂ ਕਾਲ ਚੱਕਰ ਅੱਗੇ ਚੱਲਦਾ ਹੈ, ਜਗਤ ਦੇ ਸੁਧਾਰਕਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਹੋਰਾਂ ਨੂੰ ਹੋਰ ਕੁਰਬਾਨੀਆਂ ਕਰਨ ਵਾਸਤੇ ਜਗਾਉਂਦੀਆਂ ਹਨ ਅਤੇ ਅੰਤ ਵਿਚ ਕੁਲ ਸੰਸਾਰ ਉਨ੍ਹਾਂ ਦਾ ਪ੍ਰੇਮ ਭਰਿਆ ਅਦਬ ਕਰਨ ਲੱਗ ਜਾਂਦਾ ਹੈ। ਜਿਹੜੇ ਕਮਿਊਨਿਸਟ ਅੱਜ ਦੁਨੀਆਂ ਭਰ ਦੀ ਮਨੁੱਖਜਾਤੀ ਦੀ ਸੇਵਾ ਕਰਨ ਦੀ ਕੋਸ਼ਿਸ਼ ਦੇ ਬਦਲੇ ਬੇਗੁਨਾਹ ਦੁੱਖ ਪਾ ਰਹੇ ਹਨ, ਸ਼ਾਇਦ ਉਨ੍ਹਾਂ ਦਾ ਇਤਿਹਾਸ ਵੀ ਇਸੇ ਪ੍ਰਕਾਰ ਦਾ ਬਣੇ।
ਕਾਂਗਰਸ ਉੱਤੇ ਨੁਕਤਾਚੀਨੀ ਕਰਦੇ ਹੋਏ ਮਿਸਟਰ ਸਿਨਗਰਾ ਵੇਲੂ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਕਮ ਤੋਂ ਕਮ (ਘੱਟੋ- ਘੱਟ) ਇਕ ਸਾਲ ਵਾਸਤੇ ਇਕ ਜਿੰਦਾ ਤਾਕਤ ਰਹੀ ਹੈ । ਨਾਮਿਲਵਰਤਨ ਤਹਿਰੀਕ ਦੇ ਵੇਲੇ ਕਾਂਗਰਸ ਦੀ ਇੱਜ਼ਤ ਉੱਚੀ ਤੋਂ ਉੱਚੀ ਸੀ। ਇਸਦਾ ਆਦਰਸ਼ ਸਵੈਰਾਜ ਰੱਖਿਆ ਗਿਆ ਸੀ। ਪਰ, ਨਾ ਹੀ ਇਹ ਤਾਰੀਫ਼ ਕਰਕੇ ਦੱਸਿਆ ਗਿਆ ਸੀ ਕਿ ਸਵੈਰਾਜ ਕੀ ਹੈ ਤੇ ਨਾ ਹੀ ਇਹ ਸਮਝਿਆ ਗਿਆ ਸੀ ਕਿ ਸਵੈਰਾਜ ਕੀ ਹੈ। ਕਾਂਗਰਸ ਖਲਕਤ ਦੇ ਵੱਲੋਂ ਹੋ ਕੇ ਬੋਲਦੀ ਸੀ ਅਤੇ ਖਲਕਤ ਦੇ ਵੱਲੋਂ ਹੋ ਕੇ ਕੰਮ ਕਰਦੀ ਸੀ। ਜਦ ਇਸ ਦੇ ਵੱਡੇ ਆਗੂ ਨੇ ਕੌਮ ਨੂੰ ਨੌਕਰਸ਼ਾਹੀ (ਅੰਗਰੇਜ਼ੀ ਸਰਕਾਰ) ਦੇ ਵਿਰੁੱਧ ਸ਼ਾਂਤਮਈ ਜੰਗ ਵਾਸਤੇ ਸੱਦਾ ਦਿੱਤਾ ਤਾਂ ਹਜ਼ਾਰਾਂ ਨੇ ਸੱਦੇ ਨੂੰ ਮੰਨਿਆ ਅਤੇ ਆਪਣਾ ਸਭ ਕੁਝ ਆਪਣੀ ਭੂਮੀ ਦੀ ਸੁਤੰਤਰਤਾ ਦੇ ਤਖ਼ਤ 'ਤੇ ਲਿਆ ਰੱਖਿਆ। ਪਰੰਤੂ, ਕਾਂਗਰਸ ਨੇ ਅੰਨ੍ਹੇਵਾਹ ਹੱਥ ਮਾਰੇ। ਜੇਕਰ ਇਹ ਸਿਰਫ਼ ਸਵੈਰਾਜ ਵਾਸਤੇ ਹੱਥ ਮਾਰਦੀ ਅਤੇ ਕਿਰਤੀਆਂ ਦਾ ਸਾਥ ਲੈਣਾ ਪਸੰਦ ਕਰਦੀ ਤਾਂ ਕਾਮਯਾਬ ਹੋ ਜਾਂਦੀ। ਪਿਛਾਂਹ ਨੂੰ ਭਾਜੜ ਜਿਹੜੀ ਬਰਦੌਲੀ ਵਿਖੇ ਸ਼ੁਰੂ ਹੋਈ, ਇਥੇ ਆ ਕੇ ਖਤਮ ਹੋਈ ਕਿ ਇਸਦਾ ਮਹਾਨ ਆਗੂ ਗ੍ਰਿਫਤਾਰ ਅਤੇ ਕੈਦ ਕੀਤਾ ਗਿਆ ਅਤੇ ਉਸਦੇ ਪੈਰੋਕਾਰਾਂ ਵੱਲੋਂ ਰੋਸ ਦੀ ਆਵਾਜ਼ ਤੱਕ ਵੀ ਨਾ ਉਠਾਈ ਗਈ।
ਸਵੈਰਾਜ ਪਾਰਟੀ ਉੱਤੇ ਨੁਕਤਾਚੀਨੀ ਕਰਦਿਆਂ ਮਿਸਟਰ ਸਿਨਗਰਾ ਵੇਲੂ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਸ਼ੁੱਧ ਕੰਮ ਦੇਸ਼ ਬੰਧੂ ਦਾਸ ਹੋਰਾਂ ਦੀ ਲੀਡਰੀ ਹੇਠ ਸਵੈਰਾਜ ਪਾਰਟੀ ਕਰ ਰਹੀ ਸੀ, ਅੱਜਕੱਲ੍ਹ ਨਹੀਂ ਕਰ ਰਹੀ। ਸਵੈਰਾਜ ਪਾਰਟੀ ਨੂੰ ਇਤਨੀ ਗੱਲ ਦਾ ਮਾਣ ਮਿਲਣਾ ਚਾਹੀਦਾ ਹੈ ਕਿ ਇਸਨੇ ਨੌਕਰਸ਼ਾਹੀ ਦੀ ਚੜ੍ਹਦੀ ਕਲਾ ਨੂੰ ਠੱਲ੍ਹਾ (ਰੋਕ) ਲਾਇਆ ਹੈ ਅਤੇ ਇਸ ਥੋੜ੍ਹਚਿਰੀ ਹਾਰ ਨੇ ਨੌਕਰਸ਼ਾਹੀ ਨੂੰ ਦੁਨੀਆਂ ਦੀਆਂ ਅੱਖਾਂ ਵਿਚ ਨਿੱਕਾ ਨਜ਼ਰ ਲਿਆ ਦਿੱਤਾ ਹੈ। ਪਰ, ਹਿੰਦੁਸਤਾਨ ਦੀ ਨੌਕਰਸ਼ਾਹੀ ਪਾਸ ਆਪਣੇ ਕੰਮ ਦੇ ਚਲਾਉਣ ਵਾਸਤੇ ਵਸੀਲਿਆਂ ਦਾ ਅਤੁੱਟ ਭੰਡਾਰ ਹੈ ਅਤੇ ਇਹ ਇਤਨੀ ਸਿਆਣੀ ਅਤੇ ਬਲਵਾਨ ਹੈ ਕਿ ਸੁਖੱਲੀ ਹੀ ਹਾਰ ਨਹੀਂ ਖਾਏਗੀ।
ਲਤਾੜੇ ਹੋਏ ਵਰਨਾਂ ਸੰਬੰਧੀ ਮਿਸਟਰ ਸਿਨਗਰਾ ਵੇਲੂ ਨੇ ਕਿਹਾ ਕਿ ਅਛੂਤ ਦਾ ਸਵਾਲ ਕਮਿਊਨਿਸਟਾਂ ਦੇ ਨੁਕਤਾ ਖ਼ਿਆਲ ਨਾਲ ਇਕ ਨਿਰੋਲ ਸੰਪਤ ਦਾ ਸਵਾਲ ਹੈ। ਲਤਾੜੇ ਹੋਏ ਵਰਨਾਂ ਦਾ ਸੰਪਤ ਬਾਰੇ ਪਰਆਸਰੇ ਦਾ ਸਵਾਲ ਜਿਤਨੀ ਜਲਦੀ ਨਜਿੱਠਿਆ ਜਾਏ, ਭਾਈਚਾਰਕ ਅਛੂਤਾਂ ਦਾ ਕਲੰਕ ਉਨ੍ਹਾਂ ਤੋਂ ਉਤਨੀ ਜਲਦੀ ਨਿਰਸੰਦੇਹ ਉਤਰ ਜਾਏਗਾ।
ਖੱਦਰ ਬਾਰੇ ਰਾਏ ਜ਼ਾਹਰ ਕਰਦਿਆਂ ਇਸ ਭਾਈ ਨੇ ਕਿਹਾ ਕਿ ਕੌਮੀ ਲਿਬਾਸ ਦੇ ਤੌਰ 'ਤੇ ਖੱਦਰ ਪਹਿਨਣਾ ਤਾਂ ਮੰਨਿਆ ਜਾ ਸਕਦਾ ਹੈ ਪਰ ਇਹ ਗੱਲ ਅਸੰਭਵ ਹੈ ਕਿ ਮਸ਼ੀਨ ਨਾਲ ਬਣਾਏ ਕੱਪੜੇ ਦੀ ਸਭ ਥਾਂ ਖੱਦਰ ਸੰਭਾਲ ਸਕੇ। ਇਹ ਹੋਰ ਵੀ ਅਣਹੋਣੀ ਗੱਲ ਹੈ ਕਿ ਹੱਥ ਦਾ ਬਣਾਇਆ ਕੱਪੜਾ ਪਰਦੇਸੀ ਮਾਲ ਦੇ ਬਾਈਕਾਟ ਨੂੰ ਕਾਮਯਾਬੀ ਦੇ ਸਕੇ। ਅਮਰੀਕਨ ਆਪਣੇ ਸਵੈਧੀਨਤਾ ਦੇ ਯੁੱਧ ਦੇ ਸਮੇਂ ਵਿਚ ਪ੍ਰਦੇਸੀ ਕੱਪੜੇ ਦਾ ਬਾਈਕਾਟ ਨਹੀਂ ਸੀ ਕਰ ਸਕੇ। ਉਨ੍ਹਾਂ ਦੀ ਸਵੈਧੀਨਤਾ ਦਾ ਫੈਸਲਾ ਬੰਕਰ ਹਿੱਲੇ ਦੇ ਯੁੱਧ ਨੇ ਕੀਤਾ ਸੀ, ਅੰਗਰੇਜ਼ੀ ਮਾਲ ਦੇ ਬਾਈਕਾਟ ਨੇ ਨਹੀਂ ਕੀਤਾ ਸੀ। ਮਿਸਟਰ ਸਿਨਗਰਾ ਵੇਲ ਨੇ ਦਸਤੀ ਮੁਸ਼ੱਕਤ ਅਤੇ ਮਸ਼ੀਨਾਂ ਨਾਲ ਕਾਰ ਬਾਰੇ ਵਿਚਾਰ ਕਰਦਿਆਂ ਹੋਇਆ ਕਿਹਾ ਕਿ ਮਾਨਸਜਾਤੀ ਬਹੁਤ ਸਹਿਜੇ-ਸਹਿਜੇ ਮਸ਼ੀਨਾਂ ਦੀ ਮੱਦਦ ਨਾਲ ਦਸਤੀ ਮੁਸ਼ੱਕਤ ਤੋਂ ਛੁਟਕਾਰਾ ਪਾ ਰਹੀ ਹੈ ਅਤੇ ਇਸੇ ਖਲਾਸੀ ਦੀ ਬਾਦੌਲਤ ਮਾਨਸਜਾਤੀ ਨੂੰ ਮਾਨਸਜਾਤੀ ਦੇ ਉਹਨਾਂ ਉੱਚੇ ਵਿਹਾਰਾਂ ਵਾਸਤੇ ਵਿਹਲ ਮਿਲਿਆ ਜਿਹਨਾਂ ਉੱਚੇ ਵਿਹਾਰਾਂ ਦੇ ਸਦਕਾ ਮਾਨਸਜਾਤੀ ਦੀ ਜ਼ਿੰਦਗੀ ਜਾਨਦਾਰਾਂ ਦੀਆਂ ਜ਼ਿੰਦਗੀਆਂ ਦੀਆਂ ਪੌੜੀਆਂ ਵਿੱਚੋਂ ਸਭ ਤੋਂ ਉੱਚੀ ਪੌੜੀ 'ਤੇ ਪੁੱਜੀ ਹੈ। ਮਾਨਸ ਨੂੰ ਫਿਰ ਉਸੇ ਦਸਤੀ ਮਸ਼ੱਕਤ ਵੱਲ ਧਕੇਲ ਦੇਣਾ ਜਿਸਤੋਂ ਬਗੈਰ ਉਹ ਨਿਰਬਾਹ ਕਰ ਸਕਦਾ ਹੈ, ਨਿਰਾ ਸਰਾਸਰ ਜ਼ੁਲਮ ਹੀ ਨਹੀਂ ਪ੍ਰੰਤੂ ਬੇਹੂਦਾ ਵੀ ਹੈ।
ਸਿਨਗਰਾ ਵੇਲੂ ਨੇ ਕਮਿਊਨਿਸਟਾਂ ਦੇ ਮਸਲੇ 'ਤੇ ਚਰਚਾ ਕਰਦਿਆਂ ਕਿਹਾ ਕਿ ਕਮਿਊਨਿਜ਼ਮ ਦਾ ਵਿਚਾਰ ਇਤਿਹਾਸ ਦੇ ਅਰੰਭ ਦੇ ਵਕਤ ਤੋਂ ਚਲਿਆ ਆਉਂਦਾ ਹੈ। ਇਸ ਮਸਲੇ ਦਾ ਬੁੱਧ ਮਹਾਤਮਾ ਨੇ ਪ੍ਰਚਾਰ ਕੀਤਾ ਅਤੇ ਉਸਦੇ ਚੇਲਿਆਂ ਨੇ ਇਸਨੂੰ ਵਰਤੋਂ ਵਿੱਚ ਲਿਆਂਦਾ। ਮਹਾਤਮਾ ਈਸਾ ਈਸੇਨ (ਈਸਾਈ) ਫ਼ਿਰਕੇ ਦਾ ਮੈਂਬਰ ਹੋਣ ਦੀ ਹੈਸੀਅਤ ਵਿਚ ਆਪ ਕਮਿਊਨਿਸਟ ਸੀ। ਪਲੈਟੋ, ਮੂਰ, ਮਾਰਿਸ ਅਤੇ ਹੋਰ ਅਜਿਹੇ ਵਿਦਵਾਨਾਂ ਨੇ ਵੀ ਮਾਨਸ ਨੂੰ ਕਮਿਊਨਿਜ਼ਮ ਦੀ ਸਿੱਖਿਆ ਦਿੱਤੀ ਹੈ। ਉਨ੍ਹਾਂ ਦੀ ਕਿਸਮ ਦੀ ਕਮਿਊਨਿਜ਼ਮ ਨਿਖੇਰਵੀਂ ਨਹੀਂ ਸੀ ਅਤੇ ਖ਼ਿਆਲੀ ਸੀ। ਪਰੰਤੂ, ਕਾਰਲ ਮਾਰਕਸ ਨੇ ਕਮਿਊਨਿਜ਼ਮ ਨੂੰ ਇਕ ਜੁਗਤੀ ਵਿਚ ਪੂਰਨ ਅਤੇ ਅਮਲ ਵਿਚ ਲਿਆਉਣ ਦੇ ਕਾਬਲ ਸ਼ਕਲ ਦਿੱਤੀ ਹੈ।
ਕੰਮ ਕਰਨ ਦੀ ਜੁਗਤੀ ਸੰਬੰਧੀ ਮਿਸਟਰ ਸਿਨਗਰ ਵੇਲੂ ਨੇ ਕਿਹਾ ਕਿ ਅਸੀਂ ਜੋ ਦੱਸਿਆ ਹੈ, ਸਭ ਕਰਾਂਗੇ। ਕਿਰਸਾਨਾਂ ਤੇ ਮਜ਼ਦੂਰਾਂ ਦੀਆਂ ਯੂਨੀਅਨਾਂ ਰਾਹੀਂ, ਕਹਿਣ-ਕਹਾਣ ਦੇ ਵਸੀਲੇ ਨਾਲ ਅਤੇ ਪ੍ਰਚਾਰ ਦੇ ਵਸੀਲੇ ਨਾਲ ਅਤੇ ਲੋੜ ਅਨੁਸਾਰ ਦੂਸਰੀਆਂ ਰਾਜਸੀ ਪਾਰਟੀਆਂ ਪਾਸੋਂ ਮੱਦਦ ਲਿਆ, ਦਿਆ ਕਰਾਂਗੇ। ਦੇਸ਼ ਵਿਚ ਕਿਰਤੀਆਂ ਦੇ ਹੱਕ ਮਹਿਫ਼ੂਜ਼ (ਸੁਰੱਖਿਅਤ) ਕਰਨ ਵਾਸਤੇ ਅਸਾਂ ਨੂੰ ਦੇਸ਼ ਦੀਆਂ ਸਭਨਾਂ ਪਾਰਟੀਆਂ ਨਾਲ ਮਿਲਵਰਤਣ ਦੀ ਲੋੜ ਹੈ ਪਰੰਤੂ ਸਾਨੂੰ ਇਹ ਗੱਲ ਸੰਬੰਧੀ ਕੋਈ ਸੰਦੇਹ ਨਹੀਂ ਕਿ ਅੰਤ ਨੂੰ ਸਾਡੀ ਪਾਰਟੀ ਨੇ ਹੀ ਹਿੰਦੁਸਤਾਨੀ ਲੋਕਾਂ ਨੂੰ ਹੱਕ ਲੈ ਕੇ ਦੇਣ ਵਿਚ ਕਾਮਯਾਬ ਹੋਣਾ ਹੈ।
ਸੋ, ਇਸ ਵਾਸਤੇ ਅਸੀਂ ਸਭ ਵਿਚਾਰਵਾਨਾਂ ਅਤੇ ਕਿਰਤੀਆਂ ਪਾਸ ਅਪੀਲ ਕਰਦੇ ਹਾਂ ਕਿ ਉਹ ਸਾਡੀ ਪਾਰਟੀ ਵਿਚ ਸ਼ਾਮਲ ਹੋਣ ਅਤੇ ਸਾਡੇ ਕਮਿਊਨਿਸਟਾਂ ਵਾਲੇ ਉਦੇਸ਼ ਅਤੇ ਨਜ਼ਦੀਕ ਸਮੇਂ ਵਿਚ ਪੂਰਾ ਕੀਤੇ ਜਾਣ ਵਾਲੇ ਆਦਰਸ਼ ਦੇ ਵਾਸਤੇ ਕੰਮ ਕਰਨ।
(“ਕਿਰਤੀ” ਫਰਵਰੀ 1926)
ਸਾਰਿਆ ਨੂੰ ਪੜ੍ਹਨਾ ਚਾਹੀਦਾ ਹੈ ਪੜ ਕੇ ਕਮੇਂਟ ਜਰੂਰ ਕਰੇ ਜੀ
ਪੇਜ ਫਾਲੋ ਜਰੂਰ ਕਰੋ ਸਪੋਰਟ ਕਰੋ ਜੀ ਧੰਨਵਾਦ ਸਹਿਤ ਜੀ
#ਕਿਰਤੀ #ਮਜ਼ਦੂਰੀ #ਕੰਮ #ਕਮਿਊਨਿਸਟ ਸਾਂਝੀਆ ਖਬਰਾਂ ਪੰਜਾਬ ਦੀਆਂ GreatestHighlights Jagdish Singh Sarpanch Pardeep Siwana Ranjit Ram Ram Bablu Dhill Siwana Surinder Shri Chand Siwana Pb 15 Abohar Nitiyo Balan Srg
30/12/2025