05/09/2024
ਸਕੂਲ ਅਤੇ ਵਿਦਿਆਰਥੀ
ਪ੍ਰਾਚੀਨ ਕਾਲ ਤੋਂ ਹੀ ਮਨੁੱਖ ਗਿਆਨ ਪ੍ਰਾਪਤ ਕਰਨ ਦਾ ਇੱਛੁਕ ਰਿਹਾ,ਉਸ ਸਮੇਂ ਦੀ ਸਿੱਖਿਆ ਗੁਰੂਕੁਲ ਵਿੱਚ ਪ੍ਰਾਪਤ ਕੀਤੀ ਜਾਂਦੀ ਸੀ, ਇਹ ਉਹ ਥਾਂ ਹੁੰਦੀ ਸੀ ਜਿੱਥੇ ਵਿਦਿਆਰਥੀਆਂ ਨੂੰ ਖੁੱਲ੍ਹਾ ਵਾਤਾਵਰਨ ਮਿਲਦਾ ਸੀ, ਕਿਉਂਕਿ ਸਿੱਖਿਆ ਸ਼ਾਂਤ ਮਾਹੌਲ ਚਾਹੁੰਦੀ ਜੇਕਰ ਉਸਨੂੰ ਸਦੀਆਂ ਤੱਕ ਪ੍ਰਪੱਕ ਬਣਾ ਕੇ ਰੱਖਣਾ ਤਾਂ। ਗੁਰੂਕੁਲ ਇੱਕ ਸ਼ਾਂਤ ਤੇ ਹਰੇ ਭਰੇ ਵਾਤਾਵਰਨ ਵਿੱਚ ਹੁੰਦਾ ਸੀ, ਤਾਂ ਕਿ ਵਿਦਿਆਰਥੀ ਤਣਾਅ ਮੁਕਤ ਹੋ ਕੇ ਵਿੱਦਿਆ ਗ੍ਰਹਿਣ ਕਰੇ ਤੇ ਕੁਦਰਤ ਦੇ ਅੰਸ਼ਾਂ ਨੂੰ ਵੀ ਮਾਣਦਾ ਰਹੇ। ਵਿਦਿਆਰਥੀ ਇਸ ਕੁਦਰਤੀ ਵਾਤਾਵਰਨ ਨਾਲ ਆਪਣੀ ਪੜਾਈ ਦੇ ਬਹੁਤੇ ਵਰ੍ਹੇ ਇੱਥੇ ਹੀ ਗੁਜ਼ਾਰਦੇ ਤੇ ਕੁਦਰਤ ਤੋਂ ਭਰਪੂਰ ਤੋਹਫਿਆਂ ਨਾਲ ਲਬਰੇਜ਼ ਹੋ ਕੇ ਗ੍ਰਿਹਸਥੀ ਜੀਵਣ ,ਭਾਵ ਘਰ ਨੂੰ ਮੁੜਦੇ।
ਸਕੂਲ ਇੱਕ ਅਜਿਹੀ ਪਵਿੱਤਰ ਥਾਂ ਜਿਸ ਤੇ ਵਿਚਰ ਕੇ ਮਨੁੱਖ ਸਦੀਆਂ ਤੋਂ ਚੱਲਦੇ ਰੂੜੀਵਾਦੀ ਵਿਚਾਰਾਂ ਤੇ ਤਰਕ ਨਾਲ ਸੋਚਦਾ ਤੇ ਆਪਣੇ ਵੱਡਿਆਂ ਦਾ ਵਿਰੋਧ ਨਹੀਂ ਸਗੋਂ ਬਾਬਾ ਨਾਨਕ ਵਾਂਗ ਉਦਾਹਰਨਾਂ ਦੇ ਕੇ ਉਹਨਾਂ ਵਿਚਾਰਾਂ ਦਾ ਫੋਕੇ ਹੋਣਾ ਦੱਸ ਕੇ ਹੌਲੀ ਹੌਲੀ ਖੰਡਨ ਕਰਨ ਲਈ ਕਹਿੰਦਾ ਹੈ, ਕਿਉਂਕਿ ਜੋ ਚੀਜ਼ ਸਤੀ ਪ੍ਰਥਾ,ਬਾਲ ਵਿਆਹ,ਵਿਦਵਾ ਵਿਆਹ ਤੇ ਪਾਬੰਦੀ ਵਰਗੀਆਂ ਬੁਰਾਈਆਂ ਨੂੰ ਆਪਣੇ ਸਮਾਜ ਚ ਧਾਰਮਿਕ ਰੀਤਾਂ ਵਿੱਚ ਸ਼ਾਮਲ ਕਰਕੇ ਬੈਠਾ,ਉਹ ਸਿੱਧੇ ਤਰੀਕੇ ਨਾਲ ਇਸ ਵਲਗਣ ਚੋਂ ਨਹੀਂ ਨਿਕਲਦਾ, ਉਸਨੂੰ ਰਾਜਾ ਰਾਮ ਮੋਹਨ ਰਾਏ ਤੋਂ ਲੈ ਕੇ ਵਿਲੀਅਮ ਬੈਂਟਿਕ ਵਰਗੇ ਹੀ ਗਿਆਨਵਾਨ ਹੋ ਕੇ ਜੜ੍ਹ ਤੋਂ ਖਤਮ ਕਰਦੇ ਨੇ,ਤੇ ਇਹ ਗਿਆਨ ਸਿਰਫ਼ ਸਕੂਲ ਹੀ ਪ੍ਰਦਾਨ ਕਰ ਸਕਦਾ।
ਜਦੋਂ ਮਾਂ ਕਹਿੰਦੀ ਹੈ ਕਿ ਮੰਜੇ ਤੇ ਬੈਠ ਕੇ ਤਰਕਾਲਾਂ ਵੇਲੇ ਪੈਰ ਨਹੀਂ ਹਿਲਾਈਦੇ,,ਰਾਤ ਵੇਲੇ ਨਹੁੰ ਨਹੀਂ ਕੱਟੀਦੇ ਆਦਿ ਰੋਜ਼ ਦੇ ਬੋਲ ਜੋ ਮਾਂ ਨੂੰ ਵੀ ਆਪਣੇ ਪੁਰਖਿਆਂ ਤੋਂ ਹੀ ਮਿਲੇ ਹੋਣਗੇ ਤੇ ਉਹ ਇਹਨਾਂ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਨ ਚ ਸਹਿਯੋਗ ਦੇ ਰਹੀ ਹੁੰਦੀ।ਪਰ ਸਕੂਲ ਵਿੱਚ ਵਿਦਿਆਰਥੀ ਇਹ ਗਿਆਨ ਪ੍ਰਾਪਤ ਕਰਦਾ ਕਿ ਮਾਂ ਤੂੰ ਬਿਲਕੁਲ ਠੀਕ ਆਖਦੀ ਏਂ ਕਿਉਂਕਿ ਪੈਰ ਹਿਲਾਉਣਾ ਵੇਖਣ ਵਾਲੇ ਨੂੰ ਚੰਗਾ ਨਹੀਂ ਲੱਗਦਾ,ਰਾਤ ਨੂੰ ਨਹੁੰ ਕੱਟਦੇ ਸੀ ਤਾਂ ਨਹੁੰ ਜਿਆਦਾ ਕੱਟ ਜਾਣ ਦਾ ਡਰ ਸੀ, ਕਿਉਂਕਿ ਉਸ ਸਮੇਂ ਬਿਜਲੀ ਦਾ ਪ੍ਰਬੰਧ ਨਾ ਹੁੰਦਾ ਤੇ ਲੋਕ ਦੀਵੇ ਬਾਲਕੇ ਰੌਸ਼ਨੀ ਕਰਦੇ ਸਨ,ਤੇ ਇਹ ਰੌਸ਼ਨੀ ਮੱਧਮ ਹੁੰਦੀ ਸੀ। ਮਾਂ ਨੂੰ ਢਿੱਡ ਦੇ ਜਾਏ ਆਪਣੇ ਤੋਂ ਵੱਡੇ ਪ੍ਰਤੀਤ ਹੋਣ ਲੱਗਦੇ।
ਸਕੂਲ ਵਿੱਚ ਅਧਿਆਪਕ ਤੋਂ ਇਹ ਸੁਣ ਕੇ ਕਿ ਰੁੱਖਾਂ ਦੀ ਪੂਜਾ ਕਰਨੀ ਚਾਹੀਦੀ, ਕਿਉਂਕਿ ਇਹ ਸਾਨੂੰ ਆਕਸੀਜ਼ਨ ਪ੍ਰਦਾਨ ਕਰਦੇ ਨੇ ਜੋ ਸਾਹ ਲੈਣ ਲਈ ਬਹੁਤ ਜ਼ਰੂਰੀ ਹੈ, ਤਾਂ ਦਾਦੀ ਤੇ ਮਾਂ ਦੀ ਗੱਲ ਸੱਚੀ ਪ੍ਰਤੀਤ ਹੋਣ ਲੱਗਦੀ ਕਿ ਪੁੱਤ ਰੁੱਖਾਂ ਵਿੱਚ ਦੇਵਤਾ ਰਹਿੰਦੇ ਨੇ ਇਹਨਾਂ ਨੂੰ ਕੱਟਣਾ ਨਹੀਂ ਚਾਹੀਦਾ ਨਹੀਂ ਤੇ ਸਾਨੂੰ ਇੱਕ ਦਿਨ ਇਹ ਤਬਾਹ ਕਰ ਦੇਣਗੇ,ਤੇ ਅਸੀਂ ਵਹਿਮ ਤੋਂ ਵਿਗਿਆਨ ਤੱਕ ਪਹੁੰਚਦੇ ਹੋਏ ਰੁੱਖ ਲਗਾਉਣ ਦੀ ਪ੍ਰੰਪਰਾ ਦਾ ਯੁੱਗ ਸ਼ੁਰੂ ਕਰ ਲਿਆ, ਸੱਚਮੁੱਚ ਅਧਿਆਪਕ ਕੋਰੇ ਕਾਗਜ਼ ਤੇ ਲਿਖਕੇ ਭਵਿੱਖ ਬਣਾਉਂਦੇ ਨੇ ਤੇ ਦੱਸਦੇ ਨੇ ਖੋਖਲੀ ਗੱਲ ਨੂੰ ਵਿਗਿਆਨਕ ਤੇ ਤਰਕ ਦੀ ਕਸਵੱਟੀ ਤੇ ਪਰਖਣ ਲਈ।
ਸਕੂਲ ਚ ਆਉਣ ਤੇ ਬੱਚਾ ਕੱਚੀ ਮਿੱਟੀ ਹੁੰਦਾ ਤੇ ਅਧਿਆਪਕ ਆਪਣੀ ਕਲਾ ਨਾਲ ਉਸਨੂੰ ਤਰਾਸ਼ ਕੇ ਵਿਦਿਆ ਰਥੀ ਬਣਾਉਂਦਾ,ਇੱਕ ਅਜਿਹੀ ਵਿਦਿਆ ਜੋ ਉਸਨੂੰ ਸਮਾਜ ਵਿੱਚ ਰਹਿ ਕੇ ਚੰਗੇ ਮਾੜੇ ਦੀ ਪਰਖ ਕਰਨ ਤੇ ਜੋ ਗਲਤ ਹੈ ਉਸਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਨ ਤੇ ਜੋ ਸਹੀ ਹੈ ਉਸਨੂੰ ਹੋਰ ਵੀ ਉਸਾਰੂ ਰੂਪ ਦੇਣਾ ਤੇ ਆਪਣੇ ਜੀਵਣ ਵਿੱਚ ਲਾਗੂ ਕਰਨਾ।
ਸਕੂਲ ਵਿੱਚ ਹੀ ਅਧਿਆਪਕ ਤੋਂ ਬੱਚਾ ਇਹ ਗੱਲ ਗ੍ਰਹਿਣ ਕਰਦਾ ਹੈ ਕਿ ਕਿਤਾਬੀ ਪੜ੍ਹਾਈ ਵੀ ਜ਼ਰੂਰੀ ਪਰ ਇਸ ਤੋਂ ਵੀ ਜ਼ਰੂਰੀ ਛੋਟਿਆਂ ਨਾਲ ਪਿਆਰ ਤੇ ਵੱਡਿਆਂ ਦਾ ਸਤਿਕਾਰ ਕਿਉਂਕਿ ਜੇਕਰ ਇਹ ਗੱਲਾਂ ਤੁਹਾਡੇ ਵਿੱਚ ਨੇ ਤਾਂ ਤੁਹਾਨੂੰ ਸਮਾਜ ਵਿੱਚ ਚੰਗੇ ਮਾਪਿਆਂ ਦਾ ਬੱਚਾ,ਚੰਗੇ ਸਕੂਲ ਵਿੱਚ ਯੋਗ ਅਧਿਆਪਕਾਂ ਤੋਂ ਵਿੱਦਿਆ ਹਾਸਲ ਕਰਨ ਵਾਲਾ ਯੋਗ ਵਿਦਿਆਰਥੀ ਸਮਝਿਆ ਜਾਵੇਗਾ,ਤੇ ਜਦੋਂ ਵੀ ਵਿਦਿਆਰਥੀ ਕਿਸੇ ਖੇਤਰ ਚ ਨਾਮ ਚਮਕਾਉਂਦਾ ਤਾਂ ਸਕੂਲ, ਅਧਿਆਪਕ ਤੇ ਮਾਪੇ ਸੀਨਾ ਤਾਣ ਕੇ ਦੱਸਦੇ ਹੀ ਨੇ ਕਿ ਮੇਰਾ ਬੱਚਾ,ਉਹ ਲੋਕ ਵੀ ਮਾਣ ਨਾਲ ਤੁਹਾਨੂੰ ਆਪਣਾ ਕਹਿਣ ਚ ਝਿਜਕ ਮਹਿਸੂਸ ਨਹੀਂ ਕਰਨਗੇ ਜੋ ਕਦੇ ਤੁਹਾਡੀ ਪੜ੍ਹਾਈ ਤੇ ਗਲਤ ਟਿੱਪਣੀਆਂ ਕਰਿਆ ਕਰਦੇ ਸਨ,,ਇਹ ਸਭ ਮਾਣ ਭਰੀ ਸਥਿਤੀ ਅਧਿਆਪਕਾਂ ਦੀ ਹੀ ਦੇਣ ਹੁੰਦੀ ਜੋ ਅਸੀਂ ਸਕੂਲ ਤੋਂ ਬਿਨਾਂ ਨਹੀਂ ਸਿੱਖ ਸਕਦੇ।
ਸਕੂਲ ਸੱਚਮੁੱਚ ਇੱਕ ਮੰਦਰ ਦੀ ਤਰ੍ਹਾਂ ਜੋ ਸਾਨੂੰ ਕਿਤਾਬਾਂ ਵਿੱਚ ਲਿਖੀਆਂ ਗੱਲਾਂ ਨੂੰ ਅਭਿਆਸ ਤੇ ਅਮਲ ਕਰਨਾ ਸਿਖਾਉਂਦਾ ਹੈ ਤੇ ਨੈਤਿਕਤਾ ਨੂੰ ਨਾਲ ਨਾਲ ਚੱਲਦੇ ਰੱਖਦਾ ਹੈ,ਜਿਸ ਤਰ੍ਹਾਂ ਗੁਰੂ ਨਾਨਕ ਦੇ ਅਨੁਸਾਰ ਰੱਬ ਤੱਕ ਪਹੁੰਚਣ ਲਈ ਪਹਿਲੀ ਪੌੜੀ ਗੁਰੂ ਹੁੰਦਾ ਵਿਦਿਆਰਥੀ ਲਈ ਆਪਣੀ ਜ਼ਿੰਦਗੀ ਨੂੰ ਰੋਜ਼ੀ ਰੋਟੀ ਕਮਾਉਣ ਤੇ ਸੁਚਾਰੂ ਸੋਚ ਤੱਕ ਪਹੁੰਚਣ ਲਈ ਅਧਿਆਪਕ ਪਹਿਲੀ ਪੌੜੀ ਹੁੰਦੇ ਨੇ।ਆਪਣੇ ਵਿਦਿਆਰਥੀਆਂ ਨੂੰ ਸਿਖਾਉਣ ਲਈ ਹਰ ਸੰਭਵ ਯਤਨ ਕਰਦੇ ਨੇ ਤੇ ਆਪਣੇ ਅੰਦਰ ਜਿੰਨਾਂ ਵੀ ਤਜ਼ਰਬਾ ਹੁੰਦਾ ਕੱਢ ਕੇ ਵਿਦਿਆਰਥੀਆਂ ਅੱਗੇ ਰੱਖ ਦਿੰਦੇ ਨੇ। ਸਕੂਲ ਦੀ ਇਮਾਰਤ ਸੋਹਣੀ ਹੋਣਾ ਮਾੜੀ ਗੱਲ ਨਹੀਂ ਪਰ ਗਿਆਨ ਲੈਣ ਵਿੱਚ ਇਮਾਰਤ ਤੋਂ ਵੀ ਵੱਧ ਜ਼ਰੂਰੀ ਚੰਗੇ ਤੇ ਨਿਰਪੱਖ ਅਧਿਆਪਕਾਂ ਦਾ ਹੋਣਾ। ਅੱਜ ਦੁਨੀਆਂ ਦਾ ਜੋ ਵੀ ਕੋਈ ਇਨਸਾਨ ਕੁਝ ਪ੍ਰਾਪਤ ਕਰਕੇ ਬੈਠਾ ਜਾਂ ਪ੍ਰਾਪਤ ਕਰ ਰਿਹਾ,ਉਹ ਸਭ ਅਧਿਆਪਕ ਨੇ ਹੀ ਰਚੇ ਨੇ। ਸਕੂਲ ਤੇ ਅਧਿਆਪਕ ਤੋਂ ਬਿਨਾਂ ਸਮਾਜ ਅਸੰਭਵ ਬਿਲਕੁਲ ਜਿਵੇਂ ਹਵਾ ਤੇ ਪਾਣੀ ਬਿਨਾਂ ਜੀਵਣ।
ਦੁਨੀਆਂ ਦਾ ਹਰ ਉਹ ਇਨਸਾਨ ਪੁਸਤਕ ਗਿਆਨ ਦੇਣ ਵਾਲਾ ਵੀ ਤੇ, ਜ਼ਿੰਦਗੀ ਦੇ ਤਜ਼ਰਬੇ ਦੇਣ ਵਾਲਾ ਵੀ,ਕਿਤੇ ਵੀ ਕਦੋਂ ਵੀ ਤੁਹਾਨੂੰ ਸਿਖਾਇਆ ਉਹ ਸਾਡਾ ਅਧਿਆਪਕ ਹੀ ਹੈ।
ਹਰ ਉਹ ਅਧਿਆਪਕ, ਗੁਰੂ ਜਿਸਨੇ ਮੇਰੀ ਹਰ ਗ਼ਲਤੀ ਨੂੰ ਦੂਜਿਆਂ ਸਾਹਮਣੇ ਵਿਅੰਗ ਨਾ ਬਣਾ ਕੇ ਉਸ ਨੂੰ ਸੁਧਾਰਿਆ,ਜੋ ਵੀ ਜ਼ਿੰਦਗੀ ਚ ਨੁਕਸਾਨ ਪਹੁੰਚਾ ਸਕਦਾ, ਉਸਨੂੰ ਛੱਡ ਕੇ ਆਪਣੇ ਆਪ ਨੂੰ ਉੱਚਾ ਚੁੱਕਣ ਦਾ ਹੌਸਲਾ ਬਖਸ਼ਿਆ,ਚੰਗੇ ਬੁਰੇ ਵਿੱਚ ਫ਼ਰਕ ਕਰਨਾ ਸਿਖਾਇਆ। ਦੁਨੀਆਂ ਦੇ ਹਰ ਅਧਿਆਪਕ ਨੂੰ ਅਧਿਆਪਕ ਦਿਵਸ ਮੁਬਾਰਕ,ਇਹ ਅਧਿਆਪਕ ਲੰਮੀ ਤੇ ਤੰਦਰੁਸਤ ਉਮਰ ਮਾਨਣ ਤੇ ਆਪਣੇ ਗਿਆਨ ਦਾ ਚਾਨਣ ਬਿਖੇਰ ਕੇ ਹਰ ਕੋਨੇ ਨੂੰ ਰੌਸ਼ਨ ਕਰਨ। ਮਨਪ੍ਰੀਤ ਕੌਰ।
A beautiful write up for Teachers By Manpreet Gill Aulakh.