05/02/2025
# ਬੱਚਿਆਂ ਚ ਦਿਨ ਬ ਦਿਨ ਵੱਧ ਰਿਹਾ ਗੁੱਸਾ
ਜੇਕਰ ਅਸੀਂ ਪਿਛਲੇ ਦਹਾਕੇ ਤੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਬੱਚਿਆਂ ਦੇ ਸੁਭਾਅ ਵਿੱਚ ਤੇਜ਼ੀ ਨਾਲ ਬਦਲਾਵ ਹੋਇਆ ਹੈ। ਅੱਜ ਛੋਟੇ ਤੋਂ ਛੋਟੇ ਬੱਚੇ ਵਿੱਚ ਵੀ ਬਹੁਤ ਗੁੱਸਾ ਹੈ । ਆਮ ਘਰਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਦੋ ਤਿੰਨ ਸਾਲ ਦੇ ਬੱਚੇ ਹੀ ਖਾਣਾ ਖਾਣ ਜਾਂ ਦੁੱਧ ਪੀਣ ਲਈ ਮੋਬਾਈਲ ਲੈਣ ਦੀ ਜਿੱਦ ਕਰਦੇ ਹਨ। ਮੋਬਾਈਲ ਨਾ ਮਿਲਣ ਤੇ ਚੀਜ਼ਾਂ ਦੀ ਭੰਨ ਤੋੜ ਕਰਦੇ ਹਨ। ਇਥੋਂ ਤੱਕ ਉਹਨਾਂ ਵਿੱਚ ਸਹਿਣ ਸ਼ਕਤੀ ਦੀ ਸਮਰੱਥਾ ਖਤਮ ਹੋ ਰਹੀ ਹੈ ਅਤੇ ਉਹ ਵੱਡੇ ਹੋ ਕੇ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਨਾਲ ਗਲਤ ਵਿਹਾਰ ਕਰਦੇ ਹਨ । ਬੱਚਿਆਂ ਵਿੱਚ ਵੱਧ ਰਹੇ ਗੁੱਸੇ ਦੇ ਕਈ ਕਾਰਨ ਹਨ ਜਿਵੇਂ ਪਰਿਵਾਰਾਂ ਦਾ ਛੋਟਾ ਹੋਣਾ । ਪਹਿਲਾ ਸਾਂਝੇ ਪਰਿਵਾਰਾਂ ਵਿੱਚ ਚਾਚੇ ਤਾਏ ਦੇ ਸਾਰੇ ਬੱਚੇ ਇਕੱਠੇ ਖੇਡਦੇ, ਪੜਦੇ ਅਤੇ ਹਰ ਚੀਜ਼ ਵੰਡ ਕੇ ਖਾਂਦੇ ਸਨ । ਉਹਨਾਂ ਨੂੰ ਮਾਤਾ ਪਿਤਾ ਦਾਦੇ-ਦਾਦੀ ਅਤੇ ਚਾਚੇ-ਤਾਏ ਸਾਰਿਆਂ ਵੱਲੋਂ ਝਿੜਕਿਆ ਜਾਂਦਾ ਸੀ। ਜਿਸ ਕਰਕੇ ਉਨਾਂ ਵਿੱਚ ਸਹਿਨਸ਼ੀਲਤਾ ਬਹੁਤ ਜਿਆਦਾ ਸੀ ਅਤੇ ਉਹ ਸਾਰਿਆਂ ਦਾ ਸਤਿਕਾਰ ਕਰਦੇ ਸਨ। ਪਰ ਅੱਜ ਕੱਲ ਦੇ ਬੱਚੇ ਜਿਆਦਾ ਸਮਾਂ ਮੋਬਾਇਲ ਨਾਲ ਬਤੀਤ ਕਰਦੇ ਹਨ ਹਨ ਅਤੇ ਉਹ ਜੋ ਦੇਖ ਰਹੇ ਹਨ ਉਹ ਹੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਅਪਣਾ ਰਹੇ ਹਨ। ਬੱਚਿਆਂ ਵਿੱਚ ਜਿੱਦ ਕਰਕੇ ਆਪਣੀ ਮਰਜ਼ੀ ਦੀ ਹਰ ਚੀਜ਼ ਹਾਸਿਲ ਕਰਨ ਦੀ ਪ੍ਰਵਿਰਤੀ ਵੱਧ ਰਹੀ ਹੈ। ਰਿਸ਼ਤਿਆਂ ਨਾਲੋਂ ਜਿਆਦਾ ਪਿਆਰ ਪਰਿਵਾਰ ਪਦਾਰਥਵਾਦੀ ਚੀਜ਼ਾਂ ਨਾਲ ਪੈ ਰਿਹਾ ਹੈ। ਅੱਜ ਦੇ ਸਮੇਂ ਵਿੱਚ ਮਾਤਾ ਪਿਤਾ ਵੱਲੋਂ ਚੰਗੇ ਮਾਪਿਆਂ ਦੀ ਪਰਿਭਾਸ਼ਾ ਵੀ ਬੱਚਿਆਂ ਦੀ ਹਰ ਚੰਗੀ ਜਾਂ ਗਲਤ ਜਿੱਦ ਨੂੰ ਪੂਰਾ ਕਰਨ ਦੀ ਬਣ ਗਈ ਹੈ। ਜਿਸ ਕਰਕੇ ਉਹਨਾਂ ਵਿੱਚ ਸਤਿਕਾਰ ਦੀ ਭਾਵਨਾ ਖਤਮ ਹੋ ਰਹੀ ਹੈ। ਬੱਚੇ ਜੋ ਕਿ ਸਾਡੇ ਦੇਸ਼ ਦਾ ਭਵਿੱਖ ਹਨ ਜੇਕਰ ਅਸੀਂ ਨਰੋਏ ਸਮਾਜ ਦੀ ਨੀਂਹ ਚਾਹੁੰਦੇ ਹਾਂ ਤਾਂ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰੱਖ ਕੇ ਉਹਨਾਂ ਨੂੰ ਮਾਣ ਮੱਤੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਰਿਸ਼ਤਿਆਂ ਦੀ ਅਹਿਮੀਅਤ ਅਤੇ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਵਿਕਸਿਤ ਕਰਕੇ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀ ਹਰ ਜਿੱਦ ਪੂਰੀ ਕਰਨ ਦੀ ਬਜਾਏ ਉਹਨਾਂ ਵਿੱਚ ਕੁਦਰਤ ਵੱਲੋਂ ਪ੍ਰਦਾਨ ਕੀਤੇ ਗਏ ਗੁਣਾਂ ਦੀ ਪਹਿਚਾਣ ਕਰਵਾਈਏ ਅਤੇ ਉਨਾਂ ਦੀਆਂ ਰੁਚੀਆਂ ਅਨੁਸਾਰ ਮੌਕੇ ਪ੍ਰਦਾਨ ਕਰਕੇ ਇੱਕ ਵਧੀਆ ਇਨਸਾਨ ਬਣਾਈਏ ਤਾਂ ਜੋ ਉਹ ਸਾਡੇ ਸਮਾਜ ਵਿੱਚ ਨਾਮ ਰੌਸ਼ਨ ਕਰ ਸਕਣ। ਧੰਨਵਾਦ
ਪਵਨਦੀਪ ਕੌਰ MD