14/04/2026
ਵਿਸਾਖੀ ਆਈ, ਵਿਸਾਖੀ ਆਈ, ਖੁਸ਼ੀਆਂ ਦੀ ਸੌਗਾਤ ਹੈ ਲਿਆਈ।
ਸੋਨੇ ਰੰਗੀਆਂ ਫਸਲਾਂ ਦੇਖ ਕੇ, ਕਿਸਾਨ ਦੇ ਮੁਖੜੇ 'ਤੇ ਰੌਣਕ ਹੈ ਛਾਈ।
ਭੂਮਿਕਾ— ਪੰਜਾਬ ਮੇਲਿਆਂ ਦੀ ਧਰਤੀ ਹੈ। ਇੱਥੇ ਦੇ ਲੋਕ ਰੰਗੀਲੇ ਸੁਭਾਅ ਦੇ ਮਾਲਕ ਹਨ। ਉਹ ਆਪਣੀਆਂ ਖੁਸ਼ੀਆਂ ਨੱਚ-ਟੱਪ ਕੇ ਮਨਾਉਣ ਦੇ ਸ਼ੌਕੀਨ ਹਨ। ਮੇਲੇ ਮਨਾਉਣੇ ਉਨ੍ਹਾਂ ਦੇ ਸੁਭਾਅ ਵਿੱਚ ਸ਼ਾਮਲ ਹਨ। ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਅਤੇ ਮੇਲੇ ਮਨਾਏ ਜਾਂਦੇ ਹਨ। ਵਿਸਾਖੀ ਇਨ੍ਹਾਂ ਮੇਲਿਆਂ ਵਿੱਚੋਂ ਇੱਕ ਅਹਿਮ ਮੇਲਾ ਹੈ ਜਿਸ ਵਿੱਚ ਸਾਰੇ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ।
ਸਮਾਂ— ਵਿਸਾਖੀ 13 ਅਪ੍ਰੈਲ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਈ ਜਾਂਦੀ ਹੈ। ਇਹ ਪਿੰਡ, ਸ਼ਹਿਰ, ਹਰ ਥਾਂ ਮਨਾਈ ਜਾਂਦੀ ਹੈ।
ਇਤਿਹਾਸਕ ਮਹਾਨਤਾ— ਵਿਸਾਖੀ ਦੀ ਇਤਿਹਾਸਕ ਮਹਾਨਤਾ ਹੈ। ਇਸ ਪਵਿੱਤਰ ਦਿਨ 'ਤੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਵਿੱਚ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਹਜ਼ਾਰਾਂ ਭਾਰਤੀਆਂ ਨੂੰ ਮਾਰ ਮੁਕਾਇਆ ਸੀ। ਇਸ ਖੂਨੀ ਸਾਕੇ ਨੂੰ ਵੀ ਪੰਜਾਬੀ ਤੇ ਸਾਰੇ ਭਾਰਤੀ ਕਦੀ ਭੁੱਲ ਨਹੀਂ ਸਕਣਗੇ। ਹਰ ਸਾਲ ਵਿਸਾਖੀ ਵਾਲੇ ਦਿਨ ਗੁਰਦੁਆਰਿਆਂ, ਮੰਦਰਾਂ ਅਤੇ ਧਾਰਮਿਕ ਸਥਾਨਾਂ ਵਿੱਚ ਕੀਰਤਨ ਦੁਆਰਾ ਅਤੇ ਲੈਕਚਰ ਜਾਂ ਭਾਸ਼ਣ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।
ਸੱਭਿਆਚਾਰਕ ਮਹੱਤਤਾ— ਇਸ ਮੇਲੇ ਦੀ ਸੱਭਿਆਚਾਰਕ ਪੱਖੋਂ ਵੀ ਬਹੁਤ ਮਹੱਤਤਾ ਹੈ। ਇਸ ਮੇਲੇ ਦੁਆਰਾ ਭਾਰਤੀ ਕਿਸਾਨਾਂ ਦੇ ਜਜ਼ਬਾਤ ਸਾਹਮਣੇ ਆਉਂਦੇ ਹਨ। ਉਹ ਆਪਣੀਆਂ ਫ਼ਸਲਾਂ ਪੱਕ ਜਾਣ ਤੇ ਆਪਣੇ ਜਜ਼ਬਾਤਾਂ ਦੁਆਰਾ ਖੁਸ਼ੀ ਪ੍ਰਗਟ ਕਰਦੇ ਹਨ। ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਕਿਸਾਨ ਇਸ ਦਿਨ ਮੌਜਾਂ ਕਰਦੇ, ਨੱਚਦੇ-ਟੱਪਦੇ ਹਨ ਤੇ ਭੰਗੜੇ ਪਾਉਂਦੇ ਮੇਲਾ ਵੇਖਣ ਜਾਂਦੇ ਹਨ। ਧਨੀ ਰਾਮ ਚਾਤ੍ਰਿਕ ਨੇ ਇਨ੍ਹਾਂ ਬਾਰੇ ਖੂਬ ਲਿਖਿਆ ਹੈ :
"ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾ ਨਵੇਂ ਸਿਵਾਏ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਏ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।"
ਮੇਲੇ ਜਾਣ ਦੀਆਂ ਤਿਆਰੀਆਂ— ਵਿਸਾਖੀ ਦੇ ਮੇਲੇ ਜਾਣ ਲਈ ਬੱਚੇ, ਜਵਾਨ ਬੁੱਢੇ ਸਾਰੇ ਉਤਸ਼ਾਹ ਨਾਲ ਭਰੇ ਹੁੰਦੇ ਹਨ। ਲੋਕ ਨਵੇਂ-ਨਵੇਂ ਕੱਪੜੇ ਪਾ ਕੇ ਵਿਸਾਖੀ ਦਾ ਮੇਲਾ ਵੇਖਣ ਜਾਂਦੇ ਹਨ। ਲੋਕੀਂ ਨੱਚਦੇ-ਟੱਪਦੇ ਮੇਲੇ ਵਿੱਚ ਪਹੁੰਚਦੇ ਹਨ।
ਮੇਲੇ ਦੀ ਰੌਣਕ— ਮੇਲੇ ਦੀ ਰੌਣਕ ਦਾ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਕਿਸੇ ਪਾਸੇ ਹਲਵਾਈ ਦੀ ਦੁਕਾਨ ਲੱਗੀ ਹੁੰਦੀ ਹੈ ਤੇ ਕਿਤੇ-ਕਿਤੇ ਮੁਨਿਆਰੀ ਦੀ, ਕਿਤੇ ਮੇਲੇ ਵਿੱਚ ਮਦਾਰੀ ਆਪਣੀ ਕਲਾ ਦਾ ਜੌਹਰ ਵਿਖਾ ਰਿਹਾ ਹੁੰਦਾ ਹੈ। ਮਦਾਰੀ ਕੋਲ ਬਾਂਦਰ-ਬਾਂਦਰੀ ਦਾ ਜੋੜਾ ਹੁੰਦਾ ਹੈ ਜੋ ਆਪਣੇ ਕਰਤੱਵ ਦਿਖਾ ਕੇ ਲੋਕਾਂ ਨੂੰ ਖੁਸ਼ ਕਰ ਰਿਹਾ ਹੁੰਦਾ ਹੈ। ਮੇਲੇ ਵਿੱਚ ਖੂਬ ਭੀੜ-ਭੜੱਕਾ ਹੁੰਦਾ ਹੈ। ਕਿਤੇ ਮੁਟਿਆਰਾਂ ਚੂੜੀਆਂ ਚੜ੍ਹਾ ਰਹੀਆਂ ਹੁੰਦੀਆਂ ਹਨ। ਕਈ ਜਗ੍ਹਾ ਤੇ ਲੋਕ ਜਲੇਬੀਆਂ ਜਾਂ ਫਿਰ ਹੋਰ ਮਠਿਆਈਆਂ ਖਾ ਰਹੇ ਹੁੰਦੇ ਹਨ। ਬੱਚੇ, ਜਵਾਨ ਅਤੇ ਬੁੱਢੇ ਮੇਲੇ ਦਾ ਖੂਬ ਮਜ਼ਾ ਲੈ ਰਹੇ ਹੁੰਦੇ ਹਨ।
ਖੇਡ— ਮੇਲੇ ਵਿੱਚ ਖੇਡ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਨੂੰ ਹੱਲਾ-ਸ਼ੇਰੀ ਦੇਣ ਲਈ ਇਨਾਮ ਵੀ ਰੱਖੇ ਜਾਂਦੇ ਹਨ।
ਭੰਗੜੇ ਦੀਆਂ ਟੋਲੀਆਂ— ਮੇਲੇ ਵਿੱਚ ਭੰਗੜੇ ਦੀਆਂ ਕਈ ਟੋਲੀਆਂ ਆਈਆਂ ਹੁੰਦੀਆਂ ਹਨ। ਭੰਗੜੇ ਦੀਆਂ ਟੋਲੀਆਂ ਢੋਲ ਦੀ ਤਾਲ ਤੇ ਭੰਗੜੇ ਪਾ ਰਹੇ ਹੁੰਦੇ ਹਨ। ਗੱਭਰੂ ਆਪਣੀ ਮਸਤੀ ਵਿੱਚ ਖੂਬ ਭੰਗੜਾ ਪਾਉਂਦੇ ਹਨ।
ਦੀਵਾਨ ਲੱਗਣੇ— ਇਸ ਦਿਨ ਗੁਰਦੁਆਰਿਆਂ ਵਿੱਚ ਦੀਵਾਨ ਲੱਗਦੇ ਹਨ। ਢਾਡੀ ਵਾਰਾਂ ਗਾਉਂਦੇ ਹਨ। ਸਟੇਜ ਤੇ ਕਈ ਭਾਸ਼ਣ ਵੀ ਦਿੱਤੇ ਜਾਂਦੇ ਹਨ। ਢਾਡੀ ਸਾਹਿਬਜ਼ਾਦਿਆਂ ਦੀਆਂ ਵਾਰਾਂ ਵੀ ਗਾਉਂਦੇ ਹਨ।
ਲੜਾਈ— ਕਈ ਵਾਰ ਮੇਲਿਆਂ ਵਿੱਚ ਲੜਾਈਆਂ ਵੀ ਹੋ ਜਾਂਦੀਆਂ ਹਨ। ਕਿਸਾਨ ਸ਼ਰਾਬਾਂ ਪੀ ਕੇ ਕਈ ਵਾਰੀ ਆਪਸ ਵਿੱਚ ਹੀ ਲੜ ਪੈਂਦੇ ਹਨ। ਮੇਲਿਆਂ ਦੇ ਪ੍ਰਬੰਧ ਲਈ ਪੁਲਿਸ ਨੂੰ ਵੀ ਬੁਲਾਇਆ ਜਾਂਦਾ ਹੈ। ਪੁਲਿਸ ਦੁਆਰਾ ਇਸ ਲੜਾਈ ਨੂੰ ਕਾਬੂ ਕਰ ਲਿਆ ਜਾਂਦਾ ਹੈ।
ਸਿੱਟਾ— ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਿਸਾਖੀ ਦਾ ਮੇਲਾ ਧਾਰਮਿਕ ਪੱਖ, ਇਤਿਹਾਸਕ ਪੱਖ ਬਹੁਤ ਮਹੱਤਵਪੂਰਨ ਹੈ। ਇਸ ਮੇਲੇ ਨੂੰ ਮਹਾਨ ਬਣਾਉਣ ਲਈ ਇਸ ਦਿਨ ਨੂੰ ਸ਼ਰਧਾ ਪੂਰਵਕ ਮਨਾਉਣਾ ਚਾਹੀਦਾ ਹੈ।
ਖਾਲਸੇ ਦੀ ਸਾਜਨਾ ਦਾ ਇਹ ਪਵਿੱਤਰ ਦਿਹਾੜਾ,
ਭਾਈਚਾਰੇ ਤੇ ਏਕਤਾ ਦਾ ਵਧਾਉਂਦਾ ਹੈ ਪਸਾਰਾ।
12/04/2026
08/04/2026
07/04/2026
04/04/2026
03/04/2026
02/04/2026
01/04/2026
01/04/2026
29/03/2026