18/03/2024
☬ਪੂਰਾ ਸ਼ਬਦਃ ਸਲੋਕ ਮਃ ੧, ਮਃ ੧ ਅਤੇ ਪਉੜੀ☬
ਸਲੋਕ ਮਃ ੧ ॥ ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ ॥੧॥ {੪੭੧}
ਅਰਥ: ਹੇ ਭਾਈ! (ਦਰਿਆ ਦੇ ਪੱਤਣ ਤੇ ਬੈਠ ਕੇ) ਗਊ ਅਤੇ ਬ੍ਰਾਹਮਣ ਨੂੰ ਤਾਂ ਤੂੰ ਮਸੂਲ ਲਾਂਦਾ ਹੈਂ (ਭਾਵ, ਗਊ ਅਤੇ ਬ੍ਰਾਹਮਣ ਨੂੰ ਪਾਰ ਲੰਘਾਣ ਦਾ ਮਸੂਲ ਲਾ ਲੈਂਦਾ ਹੈਂ) , (ਫੇਰ ਤੂੰ ਕਦੇ ਇਹ ਨਹੀਂ ਸੋਚਦਾ ਕਿ ਉਸ ਗਊ ਦੇ) ਗੋਹੇ ਨਾਲ (ਪੋਚਾ ਫੇਰਿਆਂ, ਸੰਸਾਰ-ਸਮੁੰਦਰ ਤੋਂ) ਤਰਿਆ ਨਹੀਂ ਜਾ ਸਕਦਾ। ਧੋਤੀ (ਪਹਿਨਦਾ ਹੈਂ) , ਟਿੱਕਾ (ਮੱਥੇ ਉਤੇ ਲਾਂਦਾ ਹੈਂ) ਅਤੇ ਮਾਲਾ (ਫੇਰਦਾ ਹੈਂ) , ਪਰ ਪਦਾਰਥ ਮਲੇਛਾਂ ਦਾ ਖਾਂਦਾ ਹੈਂ, (ਭਾਵ ਪਦਾਰਥ ਉਹਨਾਂ ਤੋਂ ਲੈ ਕੇ ਛਕਦਾ ਹੈਂ, ਜਿਨ੍ਹਾਂ ਨੂੰ ਤੂੰ ਮਲੇਛ ਆਖਦਾ ਹੈਂ) । ਅੰਦਰ ਬੈਠ ਕੇ (ਭਾਵ, ਤੁਰਕ ਹਾਕਮਾਂ ਤੋਂ ਚੋਰੀ ਚੋਰੀ) ਪੂਜਾ ਕਰਦਾ ਹੈਂ, (ਬਾਹਰ ਮੁਸਲਮਾਨਾਂ ਨੂੰ ਵਿਖਾਲਣ ਵਾਸਤੇ) ਕੁਰਾਨ ਆਦਿ ਪੜ੍ਹਦਾ ਹੈਂ, ਤੇ ਮੁਸਲਮਾਨਾਂ ਵਾਲੀ ਹੀ ਰਹਿਤ ਤੂੰ ਰੱਖੀ ਹੋਈ ਹੈ।
(ਇਹ) ਪਾਖੰਡ ਤੂੰ ਛੱਡ ਦੇਹ। ਜੇ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ (ਸੰਸਾਰ-ਸਮੁੰਦਰ ਤੋਂ) ਤਰੇਂਗਾ।੧।
ਮਃ ੧ ॥ ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨ੍ਹ੍ਹਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥ ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥ ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥੨॥ {੪੭੧-੪੭੨}
ਅਰਥ: (ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ। (ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ) , ਪਰ ਉਹਨਾਂ ਦੇ ਗਲ ਵਿਚ ਜਨੇਊ ਹਨ। ਇਹਨਾਂ (ਜ਼ਾਲਮ ਖੱਤ੍ਰੀਆਂ) ਦੇ ਘਰ ਵਿਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ; ਤਾਂ ਤੇ ਉਨ੍ਹਾਂ ਬ੍ਰਾਹਮਣਾਂ ਨੂੰ ਭੀ ਉਹਨਾਂ ਹੀ ਪਦਾਰਥਾਂ ਦੇ ਸੁਆਦ ਆਉਂਦੇ ਹਨ (ਭਾਵ, ਉਹ ਬ੍ਰਾਹਮਣ ਭੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ) । (ਇਹਨਾਂ ਲੋਕਾਂ ਦੀ) ਇਹ ਝੂਠੀ ਪੂੰਜੀ ਹੈ ਤੇ ਝੂਠਾ ਹੀ ਇਹਨਾਂ ਦਾ (ਇਹ) ਵਪਾਰ ਹੈ। ਝੂਠ ਬੋਲ ਬੋਲ ਕੇ (ਹੀ) ਇਹ ਰੋਜ਼ੀ ਕਮਾਂਦੇ ਹਨ। ਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ (ਭਾਵ, ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖ਼ਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ) । ਹੇ ਨਾਨਕ! ਸਭ ਥਾਈਂ ਝੂਠ ਹੀ ਪਰਧਾਨ ਹੋ ਰਿਹਾ ਹੈ।
(ਇਹ ਖੱਤ੍ਰੀ) ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ) ਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ। ਨੀਲੇ ਰੰਗ ਦੇ ਕੱਪੜੇ ਪਾ ਕੇ (ਤੁਰਕ ਹਾਕਮਾਂ ਦੇ ਪਾਸ ਜਾਂਦੇ ਹਨ, ਤਾਂ ਹੀ) ਉਹਨਾਂ ਪਾਸ ਜਾਣ ਦੀ ਆਗਿਆ ਮਿਲਦੀ ਹੈ। (ਜਿਨ੍ਹਾਂ ਨੂੰ) ਮਲੇਛ (ਆਖਦੇ ਹਨ, ਉਹਨਾਂ ਹੀ) ਪਾਸੋਂ ਰੋਜ਼ੀ ਲੈਂਦੇ ਹਨ, ਤੇ (ਫੇਰ ਭੀ) ਪੁਰਾਣ ਨੂੰ ਪੂਜਦੇ ਹਨ (ਭਾਵ, ਫੇਰ ਭੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣ ਦੇ ਅਨੁਸਾਰ ਤੁਰ ਰਹੇ ਹਾਂ) । (ਇੱਥੇ ਹੀ ਬੱਸ ਨਹੀਂ) ਖ਼ੁਰਾਕ ਇਹਨਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ (ਭਾਵ, ਜੋ ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ, ਪਰ ਆਖਦੇ ਹਨ ਕਿ) ਸਾਡੇ ਚੌਕੇ ਉੱਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ। ਚੌਕਾ ਬਣਾ ਕੇ (ਦੁਆਲੇ) ਲਕੀਰਾਂ ਕੱਢਦੇ ਹਨ, (ਪਰ ਇਸ) ਚੌਕੇ ਵਿਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ। (ਹੋਰਨਾਂ ਨੂੰ ਆਖਦੇ ਹਨ– ਸਾਡੇ ਚੌਕੇ ਦੇ ਨੇੜੇ ਨਾ ਆਉਣਾ) ਕਿਤੇ ਚੌਕਾ ਭਿੱਟਿਆ ਨਾਹ ਜਾਏ ਅਤੇ ਸਾਡਾ ਅੰਨ ਖ਼ਰਾਬ ਨਾਹ ਹੋ ਜਾਏ; (ਪਰ ਆਪ ਇਹ ਲੋਕ) ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ ਜੂਠੇ ਮਨ ਨਾਲ ਹੀ (ਭਾਵ, ਮਨ ਤਾਂ ਅੰਦਰੋਂ ਮਲੀਨ ਹੈ) ਚੁਲੀਆਂ ਕਰਦੇ ਹਨ।
ਹੇ ਨਾਨਕ! ਆਖ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ। ਤਾਂ ਹੀ ਸੁੱਚ-ਪਵਿੱਤਰਤਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਏ।੨।
ਪਉੜੀ ॥ ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥ ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥ ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ ॥੧੬॥ {੪੭੨}
ਅਰਥ: ਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿਚ ਰੱਖਦਾ ਹੈ, ਤੇ ਹਰੇਕ ਨੂੰ ਆਪਣੀ ਨਜ਼ਰ ਵਿਚ ਰੱਖ ਕੇ ਕਾਰੇ ਲਾਈ ਰੱਖਦਾ ਹੈ। ਆਪ ਹੀ (ਜੀਆਂ ਨੂੰ) ਵਡਿਆਈਆਂ ਬਖ਼ਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿਚ ਲਾਂਦਾ ਹੈ। ਪ੍ਰਭੂ ਵੱਡਿਆਂ ਤੋਂ ਵੱਡਾ ਹੈ (ਭਾਵ, ਸਭ ਤੋਂ ਵੱਡਾ ਹੈ) , (ਉਸ ਦੀ ਰਚੀ ਹੋਈ) ਸ੍ਰਿਸ਼ਟੀ ਭੀ ਬੇਅੰਤ ਹੈ। (ਇਤਨੀ ਬੇਅੰਤ ਸ੍ਰਿਸ਼ਟੀ ਹੁੰਦਿਆਂ ਭੀ) ਹਰੇਕ ਜੀਵ ਨੂੰ ਪ੍ਰਭੂ ਥਾਉਂ ਥਾਈਂ ਧੰਧਿਆਂ ਵਿਚ ਜੋੜੀ ਰੱਖਦਾ ਹੈ। ਜੇ ਕਦੇ ਦੁਨੀਆ ਦੇ ਪਾਤਸ਼ਾਹਾਂ ਉੱਤੇ ਭੀ ਗੁੱਸੇ ਦੀ ਨਜ਼ਰ ਕਰੇ, ਤਾਂ ਉਹਨਾਂ ਨੂੰ ਕੱਖੋਂ ਹੌਲੇ ਕਰ ਦੇਂਦਾ ਹੈ; (ਜੇ ਉਹ) ਲੋਕਾਂ ਦੇ ਦਰ ਤੇ ਜਾ ਕੇ ਸੁਆਲ ਪਾਂਦੇ ਹਨ, ਤਾਂ ਅਗੋਂ ਕੋਈ ਖ਼ੈਰ ਭੀ ਨਹੀਂ ਪਾਂਦਾ। ੧੬।