13/06/2017
*** Gurmeet karyalvi** ਵਲੋਂ ਰੋਡੇ ਕਾਲਜ ਲਈ ਲਿਖੀ ਨਵੀਂ ਕਵਿਤਾ......
ਰੋਡੇ ਕਾਲਜ ( ਸਰਕਾਰੀ ਪਾਲੀਟੈਕਨਿਕ ਜੀ ਟੀ ਬੀ ਗੜ)
ਕਿੰਨੇ ਹੀ ਵਰਿਆਂ ਬਾਅਦ
ਤੈਨੂੰ ਸਿਜਦਾ ਕਰਨ
ਤੇਰੇ ਵਿਹੜੇ ਆਏ ਹਾਂ ਪਿਆਰੇ ਕਾਲਜ !
ਮੈਨੂੰ ਖਿਡਾਉਂਦਾ ਰਿਹਾ ਏਂ
ਰੁੱਸੇ ਨੂੰ ਵਰਾਉਂਦਾ ਰਿਹਾ ਏਂ
ਉਦਾਸੇ ਨੂੰ ਹਸਾਉਂਦਾ ਰਿਹਾ ਏਂ
ਤੂੰ ਮੈਨੂੰ ਅਣਮੁੱਲੇ ਯਾਰ ਦਿੱਤੇ ਨੇ
ਰੋਟੀ ਦੀ ਜੰਗ ਲੜਨ ਲਈ
ਹੁਨਰ ਦੇ ਹਥਿਆਰ ਦਿੱਤੇ ਨੇ |
ਮੇਰੇ ਚਾਰ ਚੁਫੇਰੇ
ਚੋਗ ਹੀ ਚੋਗ ਖਿਲਾਰ ਦਿੱਤੇ ਨੇ |
ਮੈਨੂੰ ਸ਼ਬਦਾਂ ਨਾਲ ਖੇਡਣ ਲਈ
ਕਲਮ ਤੇ ਕਟਾਰ ਦਿੱਤੇ ਨੇ
ਧਰਤੀ ਵਰਗਾ ਵੱਡਾ ਜਿਗਰਾ
ਤੇ ਉਸਾਰੂ ਵਿਚਾਰ ਦਿੱਤੇ ਨੇ |
ਜਿਸ ਵਰੇ ਮੁੱਖ ਮੰਤਰੀ ਕੈਰੋਂ ਨੇ
ਪਟਿਆਲੇ ਤੇ ਲੁਧਿਆਣੇ ਯੂਨੀਵਰਸਿਟੀਆਂ ਦੀ ਨੀਂਹ ਰੱਖੀ
ਉਸੇ ਵਰੇ ਰੋਡਿਆਂ ਦੀ ਧਰਤੀ 'ਤੇ
ਤੇਰੇ ਜਿਹਾ ਨਿੱਕਾ ਬੂਟੜਾ ਲਾਇਆ ਸੀ
ਜਿਸਤੇ ਦਿਨਾਂ 'ਚ ਹੀ ਜੋਬਨ ਚੜ ਆਇਆ ਸੀ |
ਜੋਬਨ ਮੱਤੇ ਛਾਂਦਾਰ ਰੁੱਖ ਦੀਆਂ
ਸਿਵਲ- ਇਲੈਕਟਰੀਕਲ- ਮਕੈਨੀਕਲ
ਤਿੰਨ ਟਾਹਣੀਆਂ ਸਨ
ਆਪਣੇ ਆਪਣੇ ਥਾਈਂ
ਤਿੰਨੇ ਹੀ ਰਾਣੀਆਂ ਸਨ
ਹੁਣ ਇਸ ਰੁਖ ਨੇ ਨਵੀਆਂ ਲਗਰਾਂ ਕੱਢੀਆਂ ਨੇ
ਜਿੰਨਾ ਨੇ ਦੂਰ-ਦੂਰ ਤੱਕ ਮਹਿਕਾਂ ਛੱਡੀਆਂ ਨੇ |
ਤੇਰੀਆਂ ਟਾਹਣੀਆਂ 'ਤੇ ਖਿੜੇ ਫੁੱਲਾਂ ਨੇ
ਸਮਾਜ ਨੂੰ ਹਜ਼ਾਰਾਂ ਕਰਮਜੋਗੀ ਹੱਥ ਦਿੱਤੇ ਨੇ
ਦੇਸ਼ ਦੀਆਂ ਬਿਜਲਈ ਤਾਰਾਂ 'ਚ
ਤੇਰੇ ਪੁੱਤਾਂ ਦੇ ਸਾਹ ਚੱਲਦੇ ਨੇ
ਜੋ ਘਰ ਘਰ ਦੀਵੇ ਵਾਂਗ ਬਲਦੇ ਨੇ
ਹਨੇਰਿਆਂ ਨੂੰ ਠੱਲਦੇ ਨੇ |
ਦੇਸ਼ ਦੇ ਹਜ਼ਾਰਾਂ ਕਾਰਖਾਨਿਆਂ 'ਚ
ਤੇਰੇ ਪੁੱਤਾਂ ਦੀ ਚਰਬੀ ਢਲਦੀ ਹੈ
ਮੁਲਕ ਦੀ ਬਹੁਤ ਸਾਰੀ ਰਿਆਇਆ
ਇਸੇ ਚਰਬੀ ਆਸਰੇ ਪਲਦੀ ਹੈ
ਗਲੀਆਂ -ਨਾਲੀਆਂ-ਪੁੱਲ-ਡੈਮ ਤੇ ਗਗਨਚੁੰਬੀ ਇਮਾਰਤਾਂ
ਤੇਰੇ ਪੁੱਤ ਵਕਤ ਦੀ ਨਵੀਂ ਤਕਦੀਰ ਘੜਦੇ ਨੇ
ਦੇਸ਼ ਦੀ ਤਵਾਰੀਖ ਵਿਚ
ਹੁਨਰ ਦੇ ਕੋਕੇ ਜੜਦੇ ਨੇ
ਤਾਂ ਹੀ ਮੁਆਸ਼ਰੇ ਵਿਚ
ਮਾਣ -ਇਜ਼ਤ ਨਾਲ ਖੜਦੇ ਨੇ |
ਪਿਆਰੇ ਕਾਲਜ !
ਤੇਰੇ ਪੁੱਤ ਸ਼ਬਦਾਂ ਦੇ ਵੀ ਵਪਾਰੀ ਨੇ
ਮਾਂ ਬੋਲੀ ਪੰਜਾਬੀ ਦੇ
ਮਾਣ-ਮੱਤੇ ਲਿਖਾਰੀ ਨੇ |
"ਜਸਵਿੰਦਰ" ਰੋਪੜ ਬੈਠਾ ਗ਼ਜ਼ਲ਼ਾਂ ਘੜਦਾ ਹੈ
ਤੇਰੀ ਸ਼ਾਨਾਮੱਤੀ ਪਗੜੀ ਵਿਚ
ਸੁਨਿਹਰੀ ਕਲਗੀ ਜੜਦਾ ਹੈ |
ਅਗਰਬੱਤੀ, ਕੱਕੀ ਰੇਤ ਦੇ ਵਰਕੇ , ਕਾਲੇ ਹਰਫਾਂ ਦੀ ਲੋਅ
ਉਸਦੀਆਂ ਚਰਚਿਤ ਰਚਨਾਵਾਂ ਨੇ
ਅਸਲ ਵਿਚ ਇਹਨਾਂ ਪੁਸਤਕਾਂ 'ਚ
ਤੇਰੀਆਂ ਮਚਲਦੀਆਂ ਯਾਦਾਂ ਤੇ ਭਾਵਨਾਵਾਂ ਨੇ |
ਜਿਸਨੂੰ ਸਾਹਿਤ ਅਕਾਦਮੀ ਨਵੀਂ ਦਿਲੀ ਨੇ
ਦਿੱਤਾ ਹੈ ਸਭ ਤੋਂ ਵੱਡਾ ਸਨਮਾਨ
ਤੇਰੇ ਪੁੱਤ "ਜਸਵਿੰਦਰ" ਨੇ
ਵਧਾਇਆ ਹੈ ਤੇਰਾ ਮਾਣ |
ਇੱਕ ਹੋਰ ਸ਼ਾਇਰ ਹੈ ਜੋ
"ਪਾਣੀ ਦਾ ਹਾਸ਼ੀਆ " ਰਾਂਹੀ
ਚੁੱਪ ਦੀ ਸ਼ਾਇਰੀ ਕਰਦਾ ਹੈ
ਜਿਸਦੀ ਸ਼ਾਇਰੀ 'ਚ
ਬਰਿਹਮੰਡ ਦਾ ਪਸਾਰਾ ਹੈ
ਗੁਰਤੇਜ ਕੋਹਾਰਵਾਲਾ ਨਾਂ ਦਾ
ਇਹ ਚੁੱਪ ਜਿਹਾ ਸ਼ਾਇਰ
ਮਾਂ ਬੋਲੀ ਨੂੰ ਬਹੁਤ ਪਿਆਰਾ ਹੈ |
ਸ਼ੈਰੀ ਮਾਨ ਗਾਇਕੀ ਦਾ ਸਿਤਾਰਾ ਹੈ
"ਹਰਪਰੀਤ ਸੇਖਾ " ਕਨੇਡਾ ਦੀ ਧਰਤੀ ਬੈਠਾ
ਕਹਾਣੀਆਂ ਬਣਾਉਂਦਾ ਹੈ
ਭਲੇ ਟੈਕਸੀ ਚਲਾਉਂਦਾ ਹੈ
ਪਰ ਪਾਠਕਾਂ ਨੂੰ "ਟੈਕਸੀਨਾਮਾ" ਸੁਣਾਉਂਦਾ ਹੈ |
ਨਰੇਸ਼ ਰੁਪਾਣਾ ਬੈਂਕ 'ਚ ਨੋਟਾਂ 'ਤੇ ਹੀ ਹਥ ਨਹੀਂ ਚਲਾਉਂਦਾ
ਮੰਚ ਵੀ ਖੂਬਸੂਰਤੀ ਨਾਲ ਚਲਾਉਂਦਾ ਹੈ
ਸ਼ਾਇਰਾਂ-ਫਨਕਾਰਾਂ ਦੇ ਸ਼ੇਅਰਾਂ ਤੇ
ਪਿਆਰੇ ਬੋਲਾਂ ਨਾਲ ਬੰਨਕੇ ਬਹਾਉਦਾ ਹੈ |
"ਸੁਖਦਰਸ਼ਨ ਨੱਤ " ਮਾਰਕਸਵਾਦੀ ਚਿੰਤਕ ਵੀ ਹੈ
ਤੇ ਅੱਗ ਵਰਗਾ ਲਿਖਣ ਵਾਲਾ ਲਿਖਾਰ ਵੀ ਹੈ
ਲੋਕ ਪੱਖੀ , ਵਧੀਆ ਬੁਲਾਰਾ ਵੀ ਏ
ਤੇ ਡਰ -ਭੈਅ ਨਾ ਮੰਨਣ ਵਾਲਾ ਜੁਝਾਰ ਵੀ |
ਤੇਰੇ ਪੁੱਤ ਕਨਰਲ, ਇੰਜਨੀਅਰ, ਪਰਿੰਸੀਪਲ, ਤੇ ਲੈਕਚਰਾਰ ਵੀ ਨੇ
"ਗੁਰਮੀਤ ਮਾਨ "ਤੇ "ਸ਼ਮਸ਼ੇਰ " ਜਿਹੇ ਥਾਣੇਦਾਰ ਵੀ ਨੇ |
ਜੇ ਕੇਸਰਵਾਲੀਏ ਪਵਨਦੀਪ, ਤਿਰਲੋਚਨ ਸਿੰਘ ਜਿਹੇ ਸਾਊ ਨੇ
ਤਾਂ ਬਲਰਾਜ ਬਰਾੜ, ਕਿਰਨਦੀਪ ਸਰਪੰਚ ਜਿਹੇ ਬਲਕਾਰ ਵੀ ਨੇ |
ਕੁੱਝ ਸਰਕਾਰੂ ਤਨਖਾਹਾਂ ਕੁੱਟਦੇ ਨੇ
ਕੁਝ ਮੰਨੇ ਹੋਏ ਠੇਕੇਦਾਰ ਵੀ ਨੇ |
ਕੁਝ "ਲੀਡਰੀ " ਵਾਲਾ ਪੰਗਾ ਲਈ ਬੈਠੇ
ਕੁਝ "ਸੁਖਚਰਨ ਚੰਨੀ" ਵਰਗੇ ਤਹਿਸੀਲਦਾਰ ਵੀ ਨੇ |
ਲੁਧਿਆਣੇ ਦੀ ਜੈਨ ਸਵੀਟਸ ਜਿਹੇ
ਤੇਰੇ ਲਾਡਲਿਆਂ ਕੋਲ ਵਪਾਰ ਵੀ ਨੇ
ਗਲ ਕੀ , ਤੇਰੇ ਲਾਡਲੇ
ਹਰ ਪਾਸੇ ਕਰਦੇ ਮਾਰੋ ਮਾਰ ਵੀ ਨੇ |
ਮੇਰੇ ਪਿਆਰੇ ਕਾਲਜ
ਵਰਿਆਂ ਬਾਅਦ ਤੇਰੀ ਬੁੱਕਲ ਦਾ ਨਿੱਘ ਮਾਨਣ ਆਏ ਹਾਂ
ਹੁਸੀਨ ਦਿਨਾਂ ਦਾ ਘੁੱਟ ਭਰਨ
ਤੇਰੀਆਂ ਚਾਨਣੀਆਂ ਰਾਤਾਂ ਨੂੰ ਯਾਦ ਕਰਨ
ਆਪਣੇ ਗੁਰੂਜਨਾ ਨੂੰ ਨਤਮਸਤਕ ਹੋਣ
ਤੇ ਜਿਉਣ ਲਈ ਨਵੀਂ ਊਰਜਾ ਲੈਣ |
ਸਾਨੂੰ ਘੁੱਟ ਕੇ ਸੀਨੇ ਨਾਲ ਲਾ ਲਵੀਂ
ਤੇਰੇ ਤੋਂ ਕਦੇ ਮੁੱਖ ਨਹੀਂ ਮੋੜਾਂਗੇ
ਅਸੀਂ ਤੇਰੇ ਸਾਊ ਪੁੱਤ ਹਾਂ
ਅਸੀਂ ਤੇਰੇ ਸਾਊ ਪੁੱਤ ਹਾਂ
*** Gurmeet karyalvi**