10/30/2018
• ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਅੱਜ ਦੇ ਦਿਨ ਸ਼ਹੀਦ ਹੋਏ ਸਨ। ਸ਼ਹੀਦੀ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਕੌਮ ਦੇ ਨਾਂ ਕੀਤੀ ਵਸੀਅਤ :-
ਮੈ, ਦਰਸ਼ਨ ਸਿੰਘ ਫੇਰੂਮਾਨ, ਗੁਰੂ ਪੰਥ ਅਤੇ ਦੇਸ਼ ਵਾਸੀਆਂ ਅਤੇ ਸਭ ਸੰਸਾਰ ਦੇ ਭਲੇ ਸੱਜਣ ਪੁਰਸ਼ਾਂ ਨੂੰ ਇਹ ਆਪਣਾ ਅੰਤਮ ਸੰਦੇਸ਼ ਦੇਣਾ ਅਤੇ ਪਹੁੰਚਾਉਣਾ ਚਾਹੁੰਦਾ ਹਾਂ। ਇਹ ਮੇਰਾ ਸੰਦੇਸ਼ ਜਦੋਂ ਤੱਕ ਤੁਹਾਨੂੰ ਪੁਜੇਗਾ, ਉਸ ਸਮੇਂ ਮੈ ਸੰਸਾਰ ਛੱਡ ਚੁੱਕਾ ਹੋਵਾਂਗਾ।
ਅੱਜ ੧ ਅਗਸਤ ਸੰਨ ੧੯੬੯ (1969) ਨੂੰ ਮੈ 85 ਵਰਿਆਂ ਦੀ ਉਮਰ ਭੋਗ ਚੁੱਕਾ ਹਾਂ। ਬੀਤੀ ਅੱਧ੍ਹੀ ਸਦੀ ਵਿਚ ਮੈ ਪੰਥ ਦੀ ਚੜਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ! ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ। ਅੱਜ ਦੇਸ਼ ਅਜਾਦ ਹੋ ਗਿਆ ਹੈ ਪਰ ਪੰਥ ਅਜੇ ਵੀ ਪ੍ਰਾਧੀਨ (ਗੁਲਾਮ) ਹੈ। ਦੇਸ਼ ਵਿਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ ਅਤੇ ਗਿਰਾਵਟ ਵਧ ਗਈ ਹੈ। ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉੱਤੇ ਦੰਭੀ ਸੰਤ-ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ। ਸਿੱਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਰੋਲ ਦਿੱਤਾ ਗਿਆ ਹੈ।
ਸ੍ਰੀ ਅਕਾਲ ਤਖ਼ਤ ਦੇ ਹਜੂਰ ਮਰਨ ਵਰਤ ਅਤੇ ਜਿਓਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ, ਪਾਖੰਡ ਅਤੇ ਕਾਇਰਤਾ ਦਾ ਰਾਹ ਫੜ ਕੇ, ਪੰਥ ਅਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉੱਤੇ ਪੂਰਨ ਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜਿਸ਼ ਵਿਚ ਕਾਮਯਾਬ ਹੋ ਰਹੇ ਹਨ। ਇਸ ਦੰਭ ਅਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ, ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਕੁੰਡ ਖੜੇ ਕਰ ਦਿੱਤੇ ਗਏ ਹਨ , ਜਿਨਾ ਨੂੰ ਧੱਕੇ ਅਤੇ ਸਰਕਾਰੀ ਸ਼ਹਿ ਨਾਲ ਕਾਇਮ ਰਖਿਆ ਜਾ ਰਿਹਾ ਹੈ। ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ ਅੱਗੇ ਕਦੀ ਨਹੀ ਹੋਇਆ। ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀ ਹੋਈ। ਸਿੱਖ ਰਾਜਨੀਤੀ ਵਿਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗੱਦਾਰਾਂ ਨੇ ਸਿੱਖੀ ਨੂੰ ਖਾਰਜ ਕਰਨ ਅਤੇ ਸਿੱਖਾਂ ਨੂੰ ਦੂਜਿਆਂ ਦੇ ਗੋਲੇ (ਗੁਲਾਮ) ਬਣਾਉਣ ਦੀ ਸਾਜਿਸ਼ ਪੱਕੇ ਤੌਰ ਤੇ ਰਚ ਲਈ ਹੈ।
ਇਹ ਕੂੜ ਦੀ ਮੱਸਿਆ, ਅਤੇ ਦੰਭ ਦਾ ਜਾਲ ਬਿੰਨਾ ਸਿਰ ਦਿੱਤਿਆਂ ਹੁਣ ਦੂਰ ਨਹੀ ਹੋਣਾ। ਇਹ ਅਰਦਾਸੇ ਭੰਗ ਕਰਨ ਦਾ ਪਾਪ, ਪੰਥ ਦੇ ਉਠ ਖੜੇ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾ ਸੀਸ ਦਿਤਿਆਂ ਧੋਤਾ ਨਹੀ ਜਾਣਾ। ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਸੰਤ ਫ਼ਤਿਹ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਪੁਕਾਰ ਪੁਕਾਰ ਕੇ ਸਿੰਘਾਂ ਕੋਲੋ ਆਹੁਤੀਆਂ ਮੰਗ ਰਹੇ ਹਨ। ਗੁਰੂ ਅਤੇ ਅਕਾਲ ਪੁਰਖ ਤੋਂ ਭਗੋੜਾ ਹੋ ਕੇ ਪੰਥ ਬਚ ਨਹੀ ਸਕੇਗਾ।
ਹੁਣ ਇਹ ਜਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖਾਂ ਦੇ ਗੱਦਾਰਾਂ ਦੇ ਕੀਤੇ ਪਾਪਾਂ ਦਾ ਪਰਾਇਸ਼ਚਿਤ ਕਰੇ ਤਾਂ ਜੁ ਪੰਥ, ਅਜਾਦ ਹਿੰਦੋਸਤਾਨ ਵਿਚ ਅਜਾਦ ਪੰਥ, ਅਥਵਾ ਸਿੱਖ ਹੋਮਲੈਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ। ਇਸ ਨਿਸ਼ਾਨੇ ਦੀ ਪੂਰਤੀ ਲਈ ਮੈ ਆਪਣਾ ਬਲੀਦਾਨ ਦੇਣ ਲੱਗਾ ਹਾਂ।
ਸੰਗਤਾਂ ਨੂੰ ਮੇਰੀ ਬੇਨਤੀ ਹੈ ਕੇ ਮੇਰੇ ਪਿਛੋਂ ਓਹ ਆਪਣਾ ਫਰਜ਼ ਪਛਾਨਣ! ਮੇਰੇ ਮਰਨ ਤੋਂ ਪਿਛੋਂ ਮੇਰੇ ਸਰੀਰ ਨੂੰ ਸੰਤ ਫ਼ਤੇਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਵਿਚ ਰੱਖ ਕੇ ਫੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪੁਚਾ ਦਿਤੀਆਂ ਜਾਣ। ਪੰਥ ਦੇ ਮਸੰਦਾਂ ਅਤੇ ਧਰਮ ਦੋਖੀਆਂ ਨਾਲ ਯਥਾ ਯੋਗ ਸਲੂਕ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਉੱਤੇ ਬਣੇ ਹੋਏ ਦੰਭ ਅਤੇ ਪਾਖੰਡ ਦੀਆਂ ਨਿਸ਼ਾਨੀਆ , ਅਗਨੀ ਕੁੰਡ ਢਾਹ ਦਿਤੇ ਜਾਣ, ਕਿਓਂ ਜੁ ਇਹ ਗੁਰਮਤ ਵਿਰੁੱਧ ਹਨ ਅਤੇ ਪੰਥ ਉੱਜਲੇ ਮੂਹ ਉੱਤੇ ਕਲੰਕ ਹਨ!
ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮੇਰੀ ਤੁੱਛ ਕੁਰਬਾਨੀ ਕਬੂਲ ਕਰ ਲੈਣ ਅਤੇ ਆਪਨੇ ਪੰਥ ਦੀ ਬਹੁੜੀ ਕਰਨ।
ਸਪੂਰਨ ਪੰਜਾਬ ਜਿੰਦਾਬਾਦ।
ਸਿੱਖ ਹੋਮਲੈਡ ਅਮਰ ਰਹੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
ਗੁਰੂ ਸੰਗਤਾਂ ਦਾ – ਦਾਸ ਦਰਸ਼ਨ ਸਿੰਘ ਫੇਰੂਮਾਨ