23/05/2024
ਬੰਬਈ ਵਿਚ ਮੈਂ ਇਕ ਟੈਕਸੀ ਡਰਾਈਵਰ ਦੇਖਿਆ ਸੀ।ਚਾਰ ਪੰਜ ਸਾਲਾਂ ਤੋਂ ਗੁਰਦੁਆਰੇ ਆਉਣ ਲੱਗਾ,ਪਹਿਲੇ ਨਹੀਂ ਆਉਂਦਾ ਸੀ।ਹੈ ਪੁਰਸ਼ ਸੀ,੯੦ ਫ਼ੀਸਦੀ ਇਸਤਰੀ ਜੈਸਾ ਹੋ ਗਿਆ।ਉਸ ਨੌਜਵਾਨ ਨੂੰ ਅਜੇ ਦਾੜੵਾ ਵੀ ਨਹੀਂ ਆਇਆ ਸੀ,੨੫-੨੬ ਸਾਲ ਦਾ ਹੋ ਗਿਆ ਸੀ।ਮੇਰੇ ਅੱਗੇ ਆ ਕੇ ਰੋਇਆ, ਕਹਿਣ ਲੱਗਾ,"ਗਿਆਨੀ ਜੀ! ਕੀ ਕਰਾਂ?"
ਮੈਂ ਆਖਿਆ,"ਪਹਿਲੇ ਇਹ ਦੱਸ ਤੂੰ ਕਰਦਾ ਕੀ ਰਿਹੈਂ,ਥੋੜ੍ਹੇ ਦਿਨਾ ਤੋਂ ਤੈਨੂੰ ਮੈਂ ਗੁਰਦੁਆਰੇ ਦੇਖ ਰਿਹਾਂ।ਪਹਿਲੇ ਤਾਂ ਤੈਨੂੰ ਕਦੀ ਨਹੀਂ ਦੇਖਿਆ।ਮੈਂ ਇਸ ਗੁਰਦੁਆਰੇ ਚਾਲੀ ਸਾਲ ਤੋਂ ਆ ਰਿਹਾਂ।ਮੇਰਾ ਕਿਸੇ ਸਾਲ ਨਾਗਾ ਪਿਆ ਹੀ ਨਹੀਂ,ਤੈਨੂੰ ਹੁਣ ਪਿਆ ਦੇਖਦਾਂ।ਕਿੱਥੇ ਜਾਂਦਾ ਰਿਹੈਂ?"
ਕਹਿੰਦਾ,"ਗਿਆਨੀ ਜੀ!ਮੈਂ ਦੇਵੀ ਦੇ ਮੰਦਰ 'ਚ ਜਾਂਦਾ ਸੀ ਤੇ ਸਨਿੱਚਰਵਾਰ ਜਗਰਾਤਾ ਹੁੰਦਾ ਸੀ,ਉਸ ਵਿਚ ਸ਼ਾਮਲ ਹੁੰਦਾ ਸਾਂ।ਸਾਰੀ ਸਾਰੀ ਰਾਤ ਜਾਗਦਾ ਸਾਂ।"
ਮੈਂ ਕਿਹਾ,"ਤੈਨੂੰ ਪਤੈ,ਗੁਰਬਾਣੀ ਕੀ ਕਹਿੰਦੀ ਹੈ।ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਬਚਨ ਹਨ :-
"ਮਹਾ ਮਾਈ ਕੀ ਪੂਜਾ ਕਰੈ॥
ਨਰ ਸੈ ਨਾਰਿ ਹੋਇ ਅਉਤਰੈ॥"
{ਗੋਂਡ,ਨਾਮਦੇਵ ਜੀ,ਅੰਗ ੮੭੪}
ਪੁਰਖ ਹੋ ਕੇ ਅਗਰ ਕੋਈ ਪਰਮਾਤਮਾ ਨੂੰ ਇਸਤਰੀ ਮੰਨਦੈ ਤੇ ਭਾਵਨਾ ਵਿਚ ਇਸਤਰੀ ਛਾਅ ਗਈ,ਵਿਚਾਰਾਂ ਵਿਚ ਇਸਤਰੀ ਛਾਅ ਗਈ,ਪ੍ਰਭਾਉ ਵਿਚ ਇਸਤਰੀ ਛਾਅ ਗਈ,ਸੰਸਕਾਰਾਂ ਵਿਚ ਇਸਤਰੀ ਹੋ ਗਈ ਤਾਂ ਇਹ ਸੰਸਕਾਰ ਤੇ ਇਹ ਸੁਭਾਅ,ਇਸ ਜੀਵਨ ਨੂੰ ਵੀ ਬਦਲ ਸਕਦੇ ਨੇ।ਅਗਲਾ ਤਾਂ ਬਦਲ ਸਕਦਾ ਹੈ,ਇਹ ਵੀ ਬਦਲ ਜਾਏਗਾ।ਅੱਗੇ ਮਰ ਕੇ ਇਸ ਨੇ ਇਸਤਰੀ ਬਣਨਾ ਹੀ ਹੈ।ਕਿਉਂਕਿ ਗੁਰਬਾਣੀ ਕਹਿ ਰਹੀ ਹੈ।
ਇਹ ਅਗਰ ਨਰ ਹੈ ਤਾਂ ਅਗਲਾ ਜਨਮ ਨਾਰੀ ਦਾ ਹੋਵੇਗਾ।ਚਲੋ,ਆਪਣੇ ਅਨੁਭਵ ਦੇ ਆਧਾਰ 'ਤੇ ਨਾਮਦੇਵ ਜੀ ਕਹਿ ਰਹੇ ਨੇ।ਕਈ ਦਫ਼ਾ ਇਸ ਜਨਮ ਵਿਚ ਵੀ ਹੋ ਜਾਂਦੈ।ਅਕਾਲ ਪੁਰਖ ਦੀ ਸਾਜੀ ਕਿਰਤ ਦੀ ਪੂਜਾ ਐਸੇ ਸੰਸਕਾਰ ਬਣਾ ਦਿੰਦੀ ਹੈ।ਇਸ ਲਈ ਗੁਰੂ ਜੀ ਨੇ ਸਿੱਖ ਨੂੰ ਉਸ ਪਰਮਾਤਮਾ ਦੀ ਸੂਝ ਸਮਝ ਬਖਸ਼ੀ ਹੈ ਜੋ ਨਾ ਨਰ ਹੈ ਨਾ ਨਾਰ ਹੈ।ਉਸ ਦੀ ਹਸਤੀ ਵਿਆਪਕ ਹੈ।ਸਿੱਖ ਨੇ ਸਿਮਰਨ ਇਕ ਦਾ ਕਰਨਾ ਹੈ,ਅਕਾਲ ਪੁਰਖ ਦਾ ਕਰਨਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ