25/09/2026
ਕੋਟਾਂ ਕਾਲਜ ਵਿਖੇ ਤਿੰਨ ਰੋਜ਼ਾ ‘ਪੁਸਤਕ ਪ੍ਰਦਰਸ਼ਨੀ’ ਦਾ ਆਯੋਜਨ
ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ, ( ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ) ਵਿਖੇ ਮਿਤੀ 22-09-2026 ਤੋਂ 24-09-2026 ਤੱਕ ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਦੀ ਅਗਵਾਈ ਹੇਠ ਲਾਇਬ੍ਰੇਰੀ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ, ਪੁਸਤਕਾਂ ਨਾਲ ਸਾਂਝ ਵਧਾਉਣ ਅਤੇ ਗਿਆਨ ਦੇ ਵਿਸਥਾਰ ਦੇ ਉਦੇਸ਼ ਨਾਲ ਤਿੰਨ ਰੋਜ਼ਾ ‘ਪੁਸਤਕ ਪ੍ਰਦਰਸ਼ਨੀ’ ਦਾ ਆਯੋਜਨ ਕੀਤਾ ਗਿਆ।
ਇਸ ਪੁਸਤਕ ਪ੍ਰਦਰਸ਼ਨੀ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸਬੰਧਿਤ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਨ੍ਹਾਂ ਵਿੱਚ ਕਵਿਤਾ, ਕਹਾਣੀ, ਨਾਵਲ, ਨਾਟਕ, ਗਲਪ, ਜੀਵਨੀਆਂ, ਇਤਿਹਾਸ, ਧਰਮ, ਸਾਹਿਤ, ਆਮ ਗਿਆਨ ਅਤੇ ਹੋਰ ਵਿਭਿੰਨ ਵਿਸ਼ਿਆਂ ਨਾਲ ਸਬੰਧਿਤ ਪੁਸਤਕਾਂ ਸ਼ਾਮਲ ਸਨ। ਵਿਦਿਆਰਥੀਆਂ ਨੇ ਪ੍ਰਦਰਸ਼ਨੀ ਵਿੱਚ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਰੁਚੀ ਅਨੁਸਾਰ ਪੁਸਤਕਾਂ ਦੀ ਚੋਣ ਕੀਤੀ ਅਤੇ ਉਨ੍ਹਾਂ ਨੂੰ ਪੜ੍ਹਨ ਪ੍ਰਤੀ ਆਪਣਾ ਰੁਝਾਨ ਪ੍ਰਗਟ ਕੀਤਾ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਪੁਸਤਕ ਪ੍ਰਦਰਸ਼ਨੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪੁਸਤਕਾਂ ਮਨੁੱਖ ਦੀਆਂ ਸੱਚੀਆਂ ਮਾਰਗਦਰਸ਼ਕ ਹੁੰਦੀਆਂ ਹਨ। ਪੜ੍ਹਨ ਦੀ ਆਦਤ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸੋਚਣ-ਸਮਝਣ ਦੀ ਸਮਰੱਥਾ ਅਤੇ ਸ਼ਖ਼ਸੀਅਤ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਪੁਸਤਕਾਂ ਪੜ੍ਹਨ ਦੀ ਆਦਤ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਗਿਆਨ ਅਤੇ ਸਾਹਿਤ ਨਾਲ ਜੋੜਨ ਦਾ ਸੁਚੱਜਾ ਮਾਧਿਅਮ ਹਨ। ਉਨ੍ਹਾਂ ਲਾਇਬ੍ਰੇਰੀ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੋੜਨ ਵਾਲੀਆਂ ਗਤੀਵਿਧੀਆਂ ਕਰਵਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਲਾਇਬ੍ਰੇਰੀਅਨ ਸ਼੍ਰੀਮਤੀ ਮਨਦੀਪ ਕੌਰ ਅਤੇ ਸਹਾਇਕ ਲਾਇਬ੍ਰੇਰੀਅਨ ਸ਼੍ਰੀਮਤੀ ਬਲਜੀਤ ਕੌਰ ਵੱਲੋਂ ਪ੍ਰਦਰਸ਼ਨੀ ਨੂੰ ਸੁਚੱਜੇ ਢੰਗ ਨਾਲ ਲਗਾਇਆ ਗਿਆ। ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੁਸਤਕ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਅਤੇ ਵੱਖ-ਵੱਖ ਪੁਸਤਕਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਹ ਪੁਸਤਕ ਪ੍ਰਦਰਸ਼ਨੀ ਵਿਦਿਆਰਥੀਆਂ ਵਿੱਚ ‘ਪੜ੍ਹੋ, ਵਿਚਾਰੋ ਅਤੇ ਗਿਆਨ ਵਧਾਓ’ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਸਾਰਥਕ ਕਦਮ ਸਾਬਤ ਹੋਈ।