16/05/2026
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਖਸ਼ੀਵਾਲਾ (ਮਾਨਸਾ) ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਅਰਜਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਸ਼ੀਵਾਲਾ (ਮਾਨਸਾ) ਰੱਖਣ ਦਾ ਰਸਮੀ ਉਦਘਾਟਨ ਸਰਦਾਰ ਅਰਜਨ ਸਿੰਘ ਜੀ ਦੇ ਪਰਿਵਾਰ ਦੀ ਮੌਜੂਦਗੀ ਵਿੱਚ ਸੁਤੰਤਰਤਾ ਸੰਗਰਾਮੀ ਉੱਤਰਾਧਿਕਾਰੀ ਫੈਡਰੇਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਚਤਿੰਨ ਸਿੰਘ ਸੇਖੋਂ ਦੁਆਰਾ ਕੀਤਾ ਗਿਆ। ਇਸ ਸਮੇਂ ਸਰਦਾਰ ਅਰਜਨ ਸਿੰਘ ਜੀ ਦੇ ਦੋਵੇਂ ਸਪੁੱਤਰ, ਸਪੁੱਤਰੀਆਂ, ਪੋਤਿਆਂ ਪੜਪੋਤਿਆਂ ਸਮੇਤ ਸਮੂਹ ਪਰਿਵਾਰ ਇਹਨਾਂ ਮਾਣਮੱਤੇ ਪਲਾਂ ਦਾ ਗਵਾਹ ਬਣਿਆ। ਇਸ ਮੌਕੇ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਪਿੰਡ ਬਖ਼ਸ਼ੀਵਾਲਾ ਦੇ ਸਰਪੰਚ, ਸਾਬਕਾ ਸਰਪੰਚ, ਪੰਚਾਇਤ ਮੈਂਬਰ, ਐਸਐਮਸੀ ਕਮੇਟੀ ਦੇ ਚੇਅਰਮੈਨ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ। ਪਰਿਵਾਰ ਦੁਆਰਾ ਪ੍ਰਾਇਮਰੀ ਸਕੂਲ ਅਤੇ ਸੈਕੰਡਰੀ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਲੱਡੂ ਵੰਡ ਕੇ ਇਸ ਖੁਸ਼ੀ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਗਿਆ। ਇਸ ਸਮਾਰੋਹ ਦੇ ਸਫ਼ਲ ਮੰਚਨ ਲਈ ਸਮੂਹ ਸਟਾਫ਼ ਵਧਾਈ ਦਾ ਪਾਤਰ ਹੈ।